ਅੱਖ ਦੁੱਖਣੀ ਕੀ ਹੁੰਦੀ ਹੈ?
ਅੱਖ ਦੇ ਸਫ਼ੈਦ ਹਿੱਸੇ (ਸਕਲੈਰਾ) ਨੂੰ ਢੱਕਣ ਵਾਲੀ ਪਤਲੀ ਝਿੱਲੀ (ਕੰਨਜਕਟਾਈਵਾ) ਦੀ ਸੋਜ਼ਸ਼ ਨੂੰ ਅੱਖ ਦੁੱਖਣੀ (ਪਿੰਕ ਆਈ)ਆਉਣੀ ਕਹਿੰਦੇ ਹਨ। ਇਹ ਝਿੱਲੀ ਗੁਲਾਬੀ ਜਾਂ ਲਾਲ ਰੰਗ ਦੀ ਹੋ ਜਾਂਦੀ ਹੈ।
ਪਿੰਕ ਆਈ ਅਕਸਰ ਵਾਇਰਸ ਕਾਰਨ ਹੁੰਦੀ ਹੈ। ਇਹ ਜਰਾਸੀਮੀ ਲਾਗ ਜਾਂ ਐਲਰਜੀ ਕਾਰਨ ਵੀ ਹੋ ਸਕਦੀ ਹੈ।
ਅੱਖ ਦੁੱਖਣ (ਪਿੰਕ ਆਈ) ਨੂੰ ਕੰਨਜਕਟਿਵਾਇਟਿਸ ਵੀ ਕਹਿੰਦੇ ਹਨ
ਅੱਖ ਦੁੱਖਣ (ਪਿੰਕ ਆਈ) ਦੀਆਂ ਨਿਸ਼ਾਨੀਆਂ ਅਤੇ ਲੱਛਣ
ਤੁਹਾਡੇ ਬੱਚੇ ਨੂੰ ਇਹ ਹੋ ਸਕਦਾ ਹੈ:
- ਅੱਖ ਅਤੇ ਅੱਖ ਦੇ ਢੱਕਣ ਦੇ ਅੰਦਰਲੇ ਪਾਸੇ ਲਾਲੀ
- ਅੱਖਾਂ ਦੇ ਢੱਕਣਾਂ ਦੀ ਹਲਕੀ ਸੋਜਸ਼
- ਅੱਖਾਂ ਵਿੱਚ ਰੜਕ ਪੈਣੀ
- ਅੱਖ ਵਿੱਚੋਂ ਸਾਫ਼ ਜਾਂ ਪੀਲੇ-ਹਰੇ ਰੰਗ ਦਾ ਤਰਲ ਵਗਣਾ
ਵਾਇਰਸ ਕਾਰਨ ਪਿੰਕ ਆਈ ਦੀ ਬਿਮਾਰੀ ਅਕਸਰ ਦੋਵਾਂ ਅੱਖਾਂ ਵਿੱਚ ਹੁੰਦੀ ਹੈ। ਤੁਹਾਡੇ ਬੱਚੇ ਨੂੰ ਸਰਦੀ-ਜ਼ੁਕਾਮ ਦੇ ਹੋਰ ਲੱਛਣ ਵੀ ਹੋ ਸਕਦੇ ਹਨ। ਜਦੋਂ ਤੁਹਾਡਾ ਬੱਚਾ ਨੀਂਦ ਤੋਂ ਜਾਗਦਾ ਹੈ ਤਾਂ ਉਸ ਦੀਆਂ ਅੱਖਾਂ ਚਿਪਚਿਪੀਆਂ ਹੋ ਸਕਦੀਆ ਹਨ। ਉਨ੍ਹਾਂ ਵਿੱਚੋਂ ਵਗਣ ਵਾਲਾ ਤਰਲ ਮਾਦਾ ਆਮ ਕਰ ਕੇ ਸਾਫ਼ ਹੁੰਦਾ ਹੈ।
ਜਰਾਸੀਮ ਕਾਰਨ ਹੋਈ ਪਿੰਕ ਆਈ (ਅੱਖ ਦੁੱਖਣੀ) ਪਹਿਲਾਂ ਇੱਕ ਅੱਖ ਵਿੱਚ ਹੁੰਦੀ ਹੈ। ਤੁਸੀਂ ਪੀਲਾ ਜਾਂ ਹਰਾ ਮਾਦਾ ਅੱਖ ਵਿੱਚੋਂ ਵਗਦਾ ਵੇਖ ਸਕੋਗੇ। ਇਸ ਨਾਲ ਅੱਖ ਦੇ ਢੱਕਣ ਉੱਤੇ ਅਕਸਰ ਪੇਪੜੀ ਬਣ ਜਾਂਦੀ ਹੈ।
ਜਦੋਂ ਤੁਹਾਡੇ ਬੱਚੇ ਨੂੰ ਵਾਤਾਵਰਨ ਵਿੱਚੋਂ ਕਿਸੇ ਚੀਜ਼ ਤੋਂ ਐਲਰਜੀ ਹੋਵੇ ਤਾਂ ਉਸ ਨੂੰ ਐਲਰਜੀ ਵਾਲੀ ਪਿੰਕ ਆਈ ਹੋ ਸਕਦੀ ਹੈ। ਤੁਹਾਡੇ ਬੱਚੇ ਨੂੰ ਰੈਗਵੀਡ ਦੇ ਬੂਰ,ਰੁੱਖਾਂ ਦੇ ਬੂਰ, ਘਾਹ ਜਾਂ ਜਾਨਵਰ ਤੋਂ ਐਲਰਜੀ ਹੋ ਸਕਦੀ ਹੈ। ਇਸ ਦਾ ਅਸਰ ਦੋਵੇਂ ਅੱਖਾਂ ਉੱਤੇ ਹੁੰਦਾ ਹੈ ਅਤੇ ਬਹੁਤ ਹੀ ਥੋੜ੍ਹਾ ਜਾਂ ਕੋਈ ਮੁਆਦ ਨਹੀਂ ਵਗਦਾ। ਤੁਹਾਡੇ ਬੱਚੇ ਦੀਆਂ ਅੱਖਾਂ ਵਿੱਚ ਰੜਕ ਹੋ ਸਕਦੀ ਹੈ ਅਤੇ ਪਾਣੀ ਵਗ ਸਕਦਾ ਹੈ।
ਜਿਹੜੇ ਯੁਵਕ (13 ਤੋਂ 19 ਸਾਲ ਦੀ ਉਮਰ ਦੇ) ਕਾਨਟੈਕਟ ਲੈਨਜ਼ ਪਹਿਨਦੇ ਹਨ,ਉਨ੍ਹਾਂ ਨੂੰ ਲੈਨਜ਼ ਉਤਾਰ ਦੇਣੇ ਚਾਹੀਦੇ ਹਨ। ਇਹ ਪਤਾ ਕਰਨ ਲਈ ਕਿ ਕੀ ਅੱਖਾਂ ਵਿੱਚ ਲਾਲੀ ਕਾਨਟੈਕਟ ਲੈਨਜ਼ ਲਾਉਣ ਕਾਰਨ ਹੈ,ਸਿਹਤ ਸੰਭਾਲ ਪ੍ਰਦਾਤਾ ਜਾਂ ਅੱਖਾਂ ਦੀ ਸੰਭਾਲ ਦੇ ਮਾਹਰ ਡਾਕਟਰ ਨੂੰ ਮਿਲੋ।
ਆਪਣੇ ਬੱਚੇ ਦੀ ਪਿੰਕ ਆਈ (ਦੁੱਖਦੀ ਅੱਖ) ਦਾ ਇਲਾਜ ਕਿਵੇਂ ਕਰਨਾ ਚਾਹੀਦਾ ਹੈ
ਵਾਇਰਸ ਨਾਲ ਹੋਣ ਵਾਲੀ ਪਿੰਕ ਆਈ 1 ਤੋਂ 2 ਹਫ਼ਤੇ ਤੀਕ ਰਹਿ ਸਕਦੀ ਹੈ ਅਤੇ ਇਸ ਲਈ ਡਾਕਟਰੀ ਇਲਾਜ ਦੀ ਲੋੜ ਨਹੀਂ ਹੁੰਦੀ। ਇਹ ਆਪਣੇ ਆਪ ਠੀਕ ਹੋਣੀ ਚਾਹੀਦੀ ਹੈ।
ਜਰਾਸੀਮ ਨਾਲ ਹੋਣ ਵਾਲੀ ਪਿੰਕ ਆਈ ਦਾ ਇਲਾਜ ਅੱਖਾਂ ਵਿੱਚ ਪਾਉਣ ਵਾਲੇ ਰੋਗਾਣੂਨਾਸ਼ਕ ਤੁਪਕੇ ਪਾ ਕੇ ਜਾਂ ਮੱਲ੍ਹਮ ਲਾਅ ਕੇ ਕਰੋ। ਆਮ ਤੌਰ 'ਤੇ ਇਸ ਦੇ ਲੱਛਣ ਇਲਾਜ ਸ਼ੁਰੂ ਕਰਨ ਦੇ 24 ਤੋਂ 48 ਘੰਟਿਆਂ ਵਿੱਚ ਸੁਧਰਨੇ ਸ਼ੁਰੂ ਹੋ ਜਾਂਦੇ ਹਨ। ਜਰਾਸੀਮ ਨਾਲ ਹੋਣ ਵਾਲੀ ਪਿੰਕ ਆਈ ਦਾ ਇਲਾਜ ਆਮ ਤੌਰ 'ਤੇ 5 ਤੋਂ 7 ਦਿਨ ਕੀਤਾ ਜਾਂਦਾ ਹੈ।
ਮੂੰਹ ਰਾਹੀਂ ਲੈਣ ਵਾਲੀ ਐਲਰਜੀ ਦੀ ਦਵਾਈ (ਐਂਟੀਹਿਸਟੇਮੀਨਜ਼) ਦੇ ਕੇ ਜਾਂ ਖਾਸ ਤੌਰ 'ਤੇ ਐਲਰਜੀ ਦੇ ਲੱਛਣਾਂ ਲਈ ਬਣੇ ਅੱਖਾਂ ਵਿੱਚ ਪਾਉਣ ਵਾਲੇ ਤੁਪਕੇ ਪਾ ਕੇ ਐਲਰਜੀ ਕਾਰਨ ਹੋਈ ਪਿੰਕ ਆਈ ਦਾ ਇਲਾਜ ਕਰੋ। ਇਲਾਜ ਬਾਰੇ ਆਪਣੇ ਬੱਚੇ ਦੇ ਡਾਕਟਰ ਨਾਲ ਮਸ਼ਵਰਾ ਕਰੋ।
ਆਪਣੇ ਬੱਚੇ ਦੀ ਘਰ ਵਿੱਚ ਸੰਭਾਲ ਕਰਨੀ
ਦੂਸ਼ਤ ਹੋਣ ਤੋਂ ਰੋਕੋ
ਵਾਇਰਸ ਅਤੇ ਜਰਾਸੀਮ ਨਾਲ ਹੋਣ ਵਾਲੀ ਪਿੰਕ ਆਈ ਦੀ ਬਿਮਾਰੀ ਛੂਤ ਰਾਹੀਂ ਬਹੁਤ ਫ਼ੈਲਦੀ ਹੈ। ਲਾਗ ਹੇਠ ਦਿੱਤੇ ਤਰੀਕਿਆਂ ਰਾਹੀਂ ਸਹਿਜੇ ਹੀ ਫ਼ੈਲ ਸਕਦੀ ਹੈ:
- ਲਾਗ ਵਾਲੀ ਅੱਖਾਂ ਨਾਲ ਸਪੱਰਸ਼ ਅਤੇ ਫਿਰ ਆਪਣੀ ਅੱਖ ਨਾਲ ਸਪਰੱਸ਼ ਰਾਹੀਂ
- ਜਿਨ੍ਹਾਂ ਹੱਥਾਂ ਨੇ ਅੱਖ ਨੂੰ ਛੋਹਿਆ ਹੋਵੇ ਨਾਲ ਸਪੱਰਸ਼ ਰਾਹੀਂ ਅਤੇ ਫਿਰ ਆਪਣੀ ਅੱਖ ਨਾਲ ਸਪੱਰਸ਼ ਰਾਹੀਂ
- ਸਿਰ੍ਹਾਣੇ, ਤੌਲੀਏ, ਚਿਹਰਾ ਸਾਫ਼ ਕਰਨ ਵਾਲੇ ਕੱਪੜੇ, ਸ਼ਿੰਗਾਰ ਸਮਗਰੀ ਜਾਂ ਚਿਹਰੇ 'ਤੇ ਵਰਤਣ ਵਾਲੀਆਂ ਹੋਰ ਵਸਤਾਂ ਸਾਂਝੀਆਂ ਵਰਤਣ ਨਾਲ
ਜਦੋਂ ਕਿਸੇ ਨਜ਼ਦੀਕੀ ਸੰਪਰਕ ਵਾਲੇ ਵਿਅਕਤੀ ਨੂੰ ਜਰਾਸੀਮ ਜਾਂ ਵਾਇਰਸ ਰਾਹੀਂ ਕੰਨਜਕਟਿਵਾਇਟਿਸ (ਪਿੰਕ ਆਈ)ਲੱਗੀ ਹੋਵੇ, ਜਿਹੜੀਆਂ ਚੀਜਾਂ ਦਾ ਚਿਹਰੇ ਜਾਂ ਅੱਖਾਂ ਨਾਲ ਸਪਰਸ਼ ਹੋਇਆ ਹੋਵੇ ਉਹ ਉਸ ਨਾਲ ਸਾਂਝੀਆਂ ਨਾ ਕਰੋ। ਲਾਗ ਕਿਸੇ ਹੋਰ ਨੂੰ ਲੱਗਣ ਦੇ ਮੌਕੇ ਘਟਾਉਣ ਲਈ ਸਾਬਣ ਅਤੇ ਪਾਣੀ ਨਾਲ ਚੰਗੀ ਤਰ੍ਹਾਂ ਹੱਥ ਧੋਵੋ ਅਤੇ ਹੱਥਾਂ 'ਤੇ ਮਲਣ ਵਾਲੀਆਂ ਅਲਕੋਹਲ-ਅਧਾਰਤ ਵਸਤਾਂ ਦੀ ਵਰਤੋ ਕਰੋ। ਹੱਥਾਂ ਨਾਲ ਅੱਖਾਂ ਨੂੰ ਨਾ ਮਲੋ।
ਅੱਖਾਂ ਸਾਫ਼ ਕਰਨੀਆਂ
ਕੁੱਝ ਬੱਚੇ ਉਦੋਂ ਬਿਹਤਰ ਮਹਿਸੂਸ ਕਰਦੇ ਹਨ ਜਦੋਂ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਵਗਣ ਵਾਲਾ ਮਾਦਾ ਅਤੇ ਅੱਖਾਂ ਦੀ ਚਿਪਚਿਪਾਹਟ ਕੋਸੇ ਫੰਬੇ ਨਾਲ ਸਾਫ਼ ਕਰ ਦਿੱਤੀਆਂ ਜਾਂਦੀਆਂ ਹਨ। ਸਾਫ਼, ਕੋਸਾ, ਗਿੱਲਾ ਤੌਲੀਆ ਜਾਂ ਚਿਹਰਾ ਸਾਫ਼ ਕਰਨ ਵਾਲੇ ਕੱਪੜੇ ਨਾਲ ਦੁਖਦੀ ਅੱਖ ਤੋਂ ਵਗਦਾ ਮਾਦਾ ਅਤੇ ਪੇਪੜੀ ਹੌਲੀ ਹੌਲੀ ਸਾਫ਼ ਕਰੋ। ਪੂੰਝਣ ਲਈ ਹਰ ਵਾਰੀ ਕੱਪੜੇ ਦਾ ਸਾਫ਼ ਹਿੱਸਾ ਵਰਤੋ। ਕਮਪਰੈੱਸ (ਕੱਪੜਾ, ਰੂੰਈ ਦਾ ਫੰਬਾ ਆਦਿ) ਨੂੰ ਤੁਰੰਤ (ਗਾਰਬੇਜ ਵਿੱਚ) ਸੁੱਟ ਦਿਓ ਜਾਂ ਧੋਣ ਵਾਲੇ ਕੱਪੜਿਆਂ (ਲਾਂਡਰੀ) ਵਿੱਚ ਰੱਖ ਦਿਓ। ਇਹ ਕੰਮ ਕਰਨ ਪਿੱਛੋਂ ਆਪਣੇ ਹੱਥ ਧੋਵੋ।
ਤੁਸੀਂ ਅੱਖ ਸਾਫ਼ ਕਰ ਸਕਦੇ ਹੋ ਅਤੇ ਖਾਰੇ ਜਾਂ ਅਰਾਮ ਦੇਣ ਵਾਲੇ ਅੱਖਾਂ ਵਿੱਚ ਪਾਉਣ ਵਾਲੇ ਤੁਪਕੇ ਪਾ ਕੇ ਰੜਕ ਘਟਾਅ ਸਕਦੇ ਹੋ। ਆਪਣੇ ਫਾਰਮਸਿਸਟ ਨਾਲ ਮਸ਼ਵਰਾ ਕਰੋ।
ਪਿੰਕ ਆਈ ਬਹੁਤ ਤੰਗ ਕਰਨ ਵਾਲੀ ਹੋ ਸਕਦੀ ਹੈ, ਪਰ ਆਮ ਤੌਰ 'ਤੇ ਦੁੱਖਦਾਈ ਨਹੀਂ ਹੁੰਦੀ। ਤੁਹਾਡੇ ਬੱਚੇ ਨੂੰ ਦਰਦ ਦੀ ਦਵਾਈ ਦੀ ਲੋੜ ਨਹੀਂ ਪੈਣੀ ਚਾਹੀਦੀ।
ਲਾਗ ਦੇ ਫ਼ੈਲਣ ਨੂੰ ਘੱਟ ਕਰਨਾ
ਵਾਇਰਸ ਕਾਰਨ ਪਿੰਕ ਆਈ (ਦੁੱਖਦੀ ਅੱਖ) ਵਾਲੇ ਬੱਚੇ ਵਾਇਰਸ ਕਾਰਨ ਜ਼ੁਕਾਮ ਵਾਲੇ ਬੱਚਿਆਂ ਵਾਂਗ ਹੀ ਦੂਜਿਆ ਲਈ ਛੂਤ ਵਾਲੇ ਹੁੰਦੇ ਹਨ। ਵਾਇਰਸ ਖੰਘਣ ਜਾਂ ਨਿੱਛ ਮਾਰਨ ਨਾਲ ਵੀ ਫੈਲ ਸਕਦਾ ਹੈ। ਵਾਇਰਸ ਕਾਰਨ ਹੋਈ ਪਿੰਕ ਆਈ 2 ਹਫ਼ਤਿਆਂ ਤੀਕ ਰਹਿ ਸਕਦੀ ਹੈ। ਆਪਣੇ ਬੱਚੇ ਨੂੰ ਇਸ ਸਾਰੇ ਸਮੇਂ ਲਈ ਸਕੂਲ ਜਾਂ ਡੇਅ ਕੇਅਰ ਨਾ ਭੇਜਣ ਦੀ ਲੋੜ ਨਹੀਂ ਪੈਂਦੀ।
ਜਰਾਸੀਮ ਨਾਲ ਹੋਣ ਵਾਲੀ ਪਿੰਕ ਆਈ ਵਾਲੇ ਬੱਚੇ ਅੱਖਾਂ ਵਿੱਚ ਪਾਉਣ ਵਾਲੇ ਤੁਪਕੇ ਜਾਂ ਮੱਲ੍ਹਮ ਸ਼ੁਰੂ ਕਰਨ ਤੋਂ 24 ਘੰਟੇ ਪਿੱਛੋਂ ਮੁੜ ਸਕੂਲ ਜਾਂ ਡੇਅ ਕੇਅਰ ਜਾ ਸਕਦੇ ਹਨ। ਜੇ ਆਪਣੇ ਬੱਚੇ ਨੂੰ ਇਕੱਲੇ (ਦੂਜਿਆਂ ਤੋਂ ਦੂਰ) ਰੱਖਣ ਦੇ ਸਮੇਂ ਬਾਰੇ ਤੁਹਾਡੇ ਕੋਈ ਪ੍ਰਸ਼ਨ ਹੋਣ ਤਾਂ ਆਪਣੇ ਸਿਹਤ ਸੰਭਾਲ ਪ੍ਰਦਾਤਾ ਤੋਂ ਪੁੱਛੋ।
ਉਪਰ ਦਰਜ ਸਫਾਈ ਰੱਖਣ ਦੀਆਂ ਕਾਰਵਾਈਆਂ ਕਰ ਕੇ ਲਾਗ ਨੂੰ ਫੈਲਣ ਤੋਂ ਘਟਾਓ।
ਬੱਚਿਆਂ ਨੂੰ ਐਲਰਜੀ ਕਾਰਨ ਹੋਈ ਪਿੰਕ ਆਈ ਛੂਤ ਨਾਲ ਫ਼ੈਲਣ ਵਾਲੀ ਨਹੀਂ ਹੁੰਦੀ। ਤੁਹਾਡਾ ਬੱਚਾ ਸਕੂਲ ਜਾਂ ਡੇਅ ਕੇਅਰ ਜਾ ਸਕਦਾ ਹੈ।
ਡਾਕਟਰੀ ਸਹਾਇਤਾ ਕਦੋਂ ਲੈਣੀ ਹੈ
ਆਪਣੇ ਬੱਚੇ ਦੇ ਡਾਕਟਰ ਨੂੰ ਫ਼ੋਨ ਕਰੋ, ਜੇ:
- ਤੁਹਾਡੇ ਬੱਚੇ ਵਿੱਚ ਪਿੰਕ ਆਈ ਦੇ ਲੱਛਣ ਵਿਖਾਈ ਦੇਣ
- ਤੁਹਾਡੇ ਬੱਚੇ ਦੇ ਲੱਛਣ 7 ਤੋਂ 10 ਦਿਨਾਂ ਤੋਂ ਵੀ ਵੱਧ ਸਮਾਂ ਰਹਿੰਦੇ ਹਨ
ਆਪਣੇ ਬੱਚੇ ਨੂੰ ਨਜ਼ਦੀਕੀ ਐਮਰਜੈਂਸੀ ਵਿਭਾਗ ਵਿਖੇ ਲੈ ਜਾਉ ਜਾਂ 911 'ਤੇ ਫ਼ੋਨ ਕਰੋ, ਜੇ:
- ਤੁਹਾਡੇ ਬੱਚੇ ਦੀ ਨਜ਼ਰ ਵਿੱਚ ਤਬਦੀਲੀ
- ਅੱਖ ਵਿੱਚ ਦਰਦ
- ਰੋਸ਼ਨੀ ਤੋਂ ਸੰਵੇਦਨਸ਼ੀਲਤਾ
- ਅੱਖ ਦੇ ਢੱਕਣ ਦੀ ਵੱਧਦੀ ਸੋਜਸ਼
ਕਈ ਵਾਰੀ ਤੁਹਾਡੇ ਬੱਚੇ ਨੂੰ ਨਜ਼ਰ ਧੁੰਦਲੀ ਹੁੰਦੀ ਮਹਿਸੂਸ ਹੋ ਸਕਦੀ ਹੈ ਜਿਹੜੀ ਅੱਖਾਂ ਝੱਪਕਣ ਜਾਂ ਅੱਖਾਂ ਵਿੱਚੋਂ ਵਗਣ ਵਾਲੇ ਮਾਦੇ ਨੂੰ ਸਾਫ਼ ਕਰਨ ਨਾਲ ਠੀਕ ਹੋ ਜਾਂਦੀ ਹੈ। ਪਿੰਕ ਆਈ ਦਾ ਲਗਾਤਾਰ ਧੁੰਦਲੀ ਨਜ਼ਰ ਜਾਂ ਨਜ਼ਰ ਘਟਣ ਨਾਲ ਕੋਈ ਸੰਬੰਧ ਨਹੀਂ ਹੁੰਦਾ।
ਮੁੱਖ ਨੁਕਤੇ
- ਪਿੰਕ ਆਈ (ਅੱਖ ਦੁੱਖਣੀ) ਬਹੁਤੀ ਵਾਰੀ ਅਜਿਹੇ ਵਾਇਰਸ ਕਾਰਨ ਹੁੰਦੀ ਹੈ ਜੋ ਸਧਾਰਨ ਜ਼ੁਕਾਮ ਨਾਲ ਸੰਬੰਧਤ ਹੁੰਦਾ ਹੈ। ਇਹ ਜਰਾਸੀਮੀ ਲਾਗ ਜਾਂ ਐਲਰਜੀ ਦੇ ਕਾਰਨ ਵੀ ਹੋ ਸਕਦੀ ਹੈ।
- ਜਰਾਸੀਮ ਨਾਲ ਹੋਈ ਪਿੰਕ ਆਈ ਵਾਲੇ ਬੱਚਿਆਂ ਨੂੰ ਅੱਖਾਂ ਵਿੱਚ ਪਾਉਣ ਵਾਲੇ ਰੋਗਾਣੂਨਾਸ਼ਕ ਤੁਪਕੇ ਜਾਂ ਮੱਲ੍ਹਮ ਵਰਤਣੀ ਚਾਹੀਦੀ ਹੈ। ਇਨ੍ਹਾਂ ਦੀ ਵਾਇਰਸ ਨਾਲ ਹੋਣ ਵਾਲੀ ਪਿੰਕ ਆਈ ਵਾਸਤੇ ਜ਼ਰੂਰਤ ਨਹੀਂ ਹੁੰਦੀ।
- ਆਈ (ਅੱਖ ਦੁੱਖਣੀ) ਲਈ ਲੋੜ ਨਹੀਂ ਹੁੰਦੀ। ਵਾਇਰਸ ਅਤੇ ਜਰਾਸੀਮ ਕਾਰਨ ਲੱਗੀ ਪਿੰਕ ਆਈ ਛੂਤ ਵਾਲੀ ਹੁੰਦੀ ਹੈ। ਚੰਗੀ ਤਰ੍ਹਾਂ ਹੱਥ ਧੋਣ ਅਤੇ ਐਲਕੋਹਲ ਅਧਾਰਤ ਸਮੱਗਰੀ ਨਾਲ ਹੱਥ ਮਲਣ ਨਾਲ ਇਸ ਨੂੰ ਫੈਲਣ ਤੋਂ ਰੋਕੋ।
- ਪਿੰਕ ਆਈ ਕਾਰਨ ਬੱਚੇ ਦੀ ਨਜ਼ਰ ਨੂੰ ਲੰਮੇਂ ਸਮੇਂ ਦੀ ਹਾਨੀ ਨਹੀਂ ਹੋਣੀ ਚਾਹੀਦੀ।
- ਜੇ ਨਜ਼ਰ ਵਿੱਚ ਤਬਦੀਲੀ, ਲਗਾਤਾਰ ਲਾਲੀ, ਅੱਖ ਵਿੱਚ ਦਰਦ, ਜਾਂ ਅੱਖ ਦੇ ਢੱਕਣ 'ਤੇ ਸੋਜ਼ਸ਼ ਹੋਵੇ ਤਾਂ ਡਾਕਟਰੀ ਸਹਾਇਤਾ ਲਉ।