ਅਲੈਕਟਰੌਨਸਫ਼ਲੋਗਰਾਮ (EEG) ਕੀ ਹੁੰਦਾ ਹੈ?
ਦਿਮਾਗ਼ ਅੰਦਰ ਸੈੱਲ ਇੱਕ ਦੂਜੇ ਨਾਲ ਸੰਚਾਰ ਕਰਨ ਲਈ ਮੱਧਮ ਪੱਧਰ ਦੀ ਬਿਜਲੀ ਦੀ ਵਰਤੋਂ ਕਰਦੇ ਹਨ। ਅਲੈਕਟਰੌਨਸਫ਼ਲੋਗਰਾਮ (EEG) ਸਮਾਂ ਪਾ ਕੇ ਇਸ ਬਿਜਲੀ ਨੂੰ ਮਾਪਦੇ ਹਨ। ਦਿਮਾਗ ਦੀ ਬਿਜਲਈ ਹਰਕਤ ਕੰਪਿਊਟਰ ਮਾਨੀਟਰ 'ਤੇ ਲਹਿਰਾਂ ਨੁਮਾ ਲਾਈਨਾਂ ਵਾਂਗ ਦਿੱਸਦੀ ਹੈ। ਡਾਕਟਰ ਇਹ ਲਹਿਰਾਂ ਨੁਮਾ ਲਾਈਨਾਂ ਨੂੰ ਇਹ ਜਾਣਨ ਲਈ ਪੜ੍ਹਦੇ ਹਨ ਕਿ ਦਿਮਾਗ਼ ਕਿੰਨੀ ਚੰਗੀ ਤਰ੍ਹਾ ਕੰਮ ਕਰ ਰਿਹਾ ਹੈ।
ਈ ਈ ਜੀ (EEG) ਕਰਨ ਦੇ ਕਾਰਨ
ਡਾਕਟਰ ਈ ਈ ਜੀ (EEG) ਦੀ ਵਰਤੋਂ ਦਿਮਾਗ ਵਿੱਚ ਸਮੱਸਿਆ ਦਾ ਪਤਾ ਕਰਨ ਲਈ ਕਰਦੇ ਹਨ। ਮਿਸਾਲ ਵਜੋਂ, ਈ ਈ ਜੀ ( EEG) ਦੱਸ ਸਕਦੀ ਹੈ ਕਿ ਕੜਵੱਲ ਜਾਂ ਦੌਰੇ ਪੈਣੇ ਕਿੱਥੋਂ ਸ਼ੁਰੂ ਹੋਏ ਹਨ। ਜਦੋਂ ਓਥੇ ਕੋਈ ਸਮੱਸਿਆ ਹੋਵੇ ਤਾਂ ਬਿਜਲੀ ਰੂਪ ਵਿੱਚ ਤਬਦੀਲੀ ਦਿੱਸਦੀ ਹੈ। ਇਸ ਨਮੂਨੇ ਵਿੱਚ ਤਬਦੀਲੀ ਕੰਪਿਊਟਰ ਮਾਨੀਟਰ 'ਤੇ ਲਹਿਰਾਂ ਨੁਮਾ ਲਾਈਨਾਂ ਵਾਂਗ ਪ੍ਰਗਟ ਹੁੰਦੀ ਹੈ।ਇਸ ਤੋਂ ਪਤਾ ਲੱਗਦਾ ਹੈ ਕਿ ਦਿਮਾਗ਼ ਵਿੱਚ ਸਮੱਸਿਆ ਹੈ। ਫਿਰ ਡਾਕਟਰ ਸਭ ਤੋਂ ਠੀਕ ਇਲਾਜ ਕਰਨ ਦਾ ਫ਼ੈਸਲਾ ਕਰ ਸਕਦਾ ਹੈ।
ਆਪਣੇ ਬੱਚੇ ਨੂੰ ਈ ਈ ਜੀ (EEG) ਲਈ ਕਿਵੇਂ ਤਿਆਰ ਕਰਨਾ ਹੈ
ਉਸ ਨੂੰ ਹਸਪਤਾਲ ਲਿਆਉਣ ਤੋਂ ਪਹਿਲਾਂ ਆਪਣੇ ਬੱਚੇ ਦੇ ਵਾਲਾਂ ਨੂੰ ਧੋ ਲਵੋ। ਜਦੋਂ ਤੁਸੀਂ ਆਪਣੇ ਬੱਚੇ ਦੇ ਵਾਲ ਧੋਂਦੇ ਹੋਵੋ ਤਾਂ ਵੇਖੋ ਕਿਤੇ ਉਨ੍ਹਾਂ ਵਿੱਚ ਜੂੰਆਂ ਤਾਂ ਨਹੀਂ। ਜੇ ਜੂੰਆਂ ਦੇ ਨਿਸ਼ਾਨ ਦਿੱਸਣ, ਕ੍ਰਿਪਾ ਕਰ ਕੇ ਲੈਬ ਵਿਖੇ ਨਰਸ ਨੂੰ ਦੱਸੋ। ਆਪਣੇ ਬੱਚੇ ਦੇ ਵਾਲ ਬਣਾ ਕੇ ਰੱਖਣ ਵਾਲਾ ਕੰਡੀਸ਼ਨਰ ਜਾਂ ਜੈੱਲ ਨਾ ਵਰਤੋ।
ਸੈਡੇਸ਼ਨ (ਬੱਚੇ ਨੂੰ ਹਿਲੱਣ-ਜੁਲਣ ਤੋਂ ਟਿਕਾਉਣ ਲਈ ਸੰਵਾਉਣਾ)
ਜੇ ਤੁਹਾਡਾ ਬੱਚਾ ਟੈਸਟ ਲਈ ਟਿਕ ਕੇ ਨਹੀਂ ਲੇਟ ਸਕਦਾ, ਉਸ ਨੂੰ ਸੰਵਾਉਣ ਲਈ ਹਲ਼ਕਾ ਜਿਹਾ ਸੈਡੇਟਿਵ ਦੇਣ ਦੀ ਲੋੜ ਪੈ ਸਕਦੀ ਹੈ। ਸੈਡੇਟਿਵ ਇੱਕ ਦਵਾਈ ਹੁੰਦੀ ਹੈ ਜੋ ਤੁਹਾਡੇ ਬੱਚੇ ਨੂੰ ਸ਼ਾਂਤ ਕਰਨ ਕਰਨ ਲਈ ਦਿੱਤੀ ਜਾਂਦੀ ਹੈ ਤਾਂ ਜੋ ਉਹ ਟਿਕ ਕੇ ਲੇਟਿਆ ਰਹੇ। ਆਮ ਵਰਤੇ ਜਾਂਦੇ ਸੈਡੇਟਿਵ ਕਲੋਰੋਫ਼ਿੱਲ ਹਾਈਡਰੇਟ ਅਤੇ ਪੈਂਟੋਬਾਬਿੱਟਲ ਸੋਡੀਅਮ ਹਨ।
ਜੇ ਤੁਹਾਡੇ ਬੱਚੇ ਨੂੰ ਸੈਡੇਟਿਵ ਦੇਣ ਦੀ ਲੋੜ ਪਵੇ, ਤਾਂ ਟੈਸਟ ਕਰਨ ਤੋਂ 8 ਘੰਟੇ ਪਹਿਲਾਂ ਉਸ ਲਈ ਜ਼ਰੂਰੀ ਹੈ ਕਿ ਉਹ ਠੋਸ ਖ਼ੁਰਾਕ ਖਾਣੀ ਬੰਦ ਕਰੇ; ਟੈਸਟ ਤੋਂ 6 ਘੰਟੇ ਪਹਿਲਾਂ ਦੁੱਧ ਪੀਣਾ, ਫ਼ਾਰਮੂਲਾ ਜਾਂ ਤਰਲ ਪੀਣੇ ਬੰਦ ਕਰ ਦੇਵੇ; ਅਤੇ ਟੈਸਟ ਤੋਂ 4 ਘੰਟੇ ਪਹਿਲਾਂ ਛਾਤੀ ਦਾ ਦੁੱਧ ਪੀਣਾ ਬੰਦ ਕਰ ਦੇਵੇ। ਜੇ ਤੁਹਾਨੂੰ ਯਕੀਨ ਨਾ ਹੋਵੇ ਕਿ ਕੀ ਤੁਹਾਡੇ ਬੱਚੇ ਨੂੰ ਸੈਡੇਟਿਵ ਦੇਣ ਦੀ ਲੋੜ ਪਵੇਗੀ ਜਾਂ ਪੱਕਾ ਪਤਾ ਨਾ ਹੋਵੇ ਕਿ ਆਪਣੇ ਬੱਚੇ ਦਾ ਖਾਣਾ ਅਤੇ ਪੀਣਾ ਕਦੋਂ ਬੰਦ ਕਰਨਾ ਹੈ, ਤਾਂ ਜਿਸ ਦਿਨ ਟੈਸਟ ਕਰਨਾ ਨਿਸ਼ਚਤ ਹੋਇਆ ਹੋਵੇ ਉਸ ਤੋਂ ਇੱਕ ਦਿਨ ਪਹਿਲਾਂ ਲੈਬ ਵਿਖੇ ਨਰਸ ਨੂੰ ਪੁੱਛੋ।
ਈ ਈ ਜੀ (EEG) ਕਰਨ ਦੌਰਾਨ
ਈ ਈ ਜੀ (EEG) ਪੂਰਾ ਕਰਨ ਲਈ ਲਗਭਗ ਇੱਕ ਘੰਟਾ ਲੱਗਦਾ ਹੈ। ਇਸ ਨਾਲ ਪੀੜ ਨਹੀਂ ਹੁੰਦੀ
ਆਮ ਕਰ ਕੇ ਈ ਈ ਜੀ (EEG) ਦੇ ਟੈਸਟ ਹਸਪਤਾਲ ਵਿੱਚ ਕੀਤੇ ਜਾਂਦੇ ਹਨ। ਇਹ ਅਜਿਹੇ ਟੈਕਨੌਲੋਜਿਸਟ ਵੱਲੋਂ ਕੀਤੇ ਜਾਂਦੇ ਹਨ ਜਿਸ ਨੇ ਇਸ ਦੀ ਵਿਸੇਸ਼ ਸਿੱਖਿਆ ਪ੍ਰਾਪਤ ਕੀਤੀ ਹੋਵੇ। ਈ ਈ ਜੀ (EEG) ਦੌਰਾਨ ਆਮ ਤੌਰ ਤੇ ਬੱਚਿਆਂ ਨੂੰ ਇੱਕ ਬੈੱਡ ਉੱਤੇ ਲਿਟਾਇਆ ਜਾਂਦਾ ਹੈ। ਈ ਈ ਜੀ (EEG) ਦੌਰਾਨ ਕਈ ਵਾਰੀ ਬੱਚੇ ਬੈਠੇ ਰਹਿੰਦੇ ਹਨ। ਜਦੋਂ ਇਹ ਟੈਸਟ ਕੀਤਾ ਜਾ ਰਿਹਾ ਹੁੰਦਾ ਹੈ ਤਾਂ ਆਮ ਕਰ ਕੇ ਮਾਪਿਆਂ ਨੂੰ ਬੱਚੇ ਦੇ ਕੋਲ ਠਹਿਰਣ ਦੀ ਇਜਾਜ਼ਤ ਹੁੰਦੀ ਹੈ।
ਤੁਹਾਡੇ ਬੱਚੇ ਦੇ ਸਿਰ ਨੂੰ ਮਾਪਿਆ ਜਾਂਦਾ ਹੈ ਅਤੇ ਮੋਮੀ ਪੈਂਸਲ ਨਾਲ ਨਿਸ਼ਾਨੀਆਂ ਲਾ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਈ ਈ ਜੀ (EEG) ਦੇ ਟੈਕਨੌਲੋਜਿਸਟ ਨੂੰ ਪਤਾ ਹੋਵੇ ਕਿ ਛੋਟੇ ਛੋਟੇ ਧਾਤ ਦੇ ਚੱਕਰ, ਜਿਨ੍ਹਾਂ ਨੂੰ ਅਲੈਕਟ੍ਰੋਡਜ਼ ਕਿਹਾ ਜਾਂਦਾ ਹੈ, ਕਿੱਥੇ ਕਿੱਥੇ ਲਾਉਣੇ ਹਨ। ਤੁਹਾਡੇ ਬੱਚੇ ਦੇ ਸਿਰ 'ਤੇ ਨਿਸ਼ਾਨੀ ਵਾਲੀਆਂ ਥਾਵਾਂ ਨੂੰ ਜੈੱਲ, ਜੋ ਇੱਕ ਤਰ੍ਹਾਂ ਦਾ ਸਖ਼ਤ ਸਾਬਨ ਹੁੰਦਾ ਹੈ, ਨਾਲ ਸਾਫ਼ ਕਰ ਦਿੱਤਾ ਜਾਂਦਾ ਹੈ। ਤੁਹਾਡੇ ਬੱਚੇ ਦੇ ਸਿਰ 'ਤੇ ਅਲੈਕਟ੍ਰੋਡਜ਼ ਨੂੰ ਕਰੀਮ ਅਤੇ ਗਾਜ਼ ਨਾਲ(delete) ਲਾ ਦਿੱਤਾ ਜਾਂਦਾ ਹੈ। ਇਹ ਅਲੈਕਟ੍ਰੋਡਜ਼ ਕੰਪਿਊਟਰ ਨਾਲ ਜੁੜੇ ਹੁੰਦੇ ਹਨ।
ਕੰਪਿਉਟਰ ਤੁਹਾਡੇ ਬੱਚੇ ਦੇ ਦਿਮਾਗ਼ ਅੰਦਰ ਬਿਜਲੀ ਦੇ ਪੈਟਰਨਾਂ ਨੂੰ ਰਿਕਾਰਡ ਕਰਦਾ ਹੈ। ਈ ਈ ਜੀ (EEG) ਮਸ਼ੀਨ ਬੱਚੇ ਦੇ ਦਿਮਾਗ਼ ਦੀ ਹਰਕਤ ਨੂੰ ਲਗਾਤਾਰ ਰਿਕਾਰਡ ਕਰਦੀ ਰਹਿੰਦੀ ਹੈ ਜਿਸ ਨੂੰ ਕੰਪਿਊਟਰ ਦੇ ਸਕਰੀਨ 'ਤੇ ਵੇਖਿਆ ਜਾ ਸਕਦਾ ਹੈ।
ਟੈਸਟ ਕਰਨ ਦੌਰਾਨ ਟੈਕਨੌਲੋਜਿਸਟ ਤੁਹਾਡੇ ਬੱਚੇ ਨੂੰ ਇਹ ਕਰਨ ਲਈ ਕਹੇਗਾ:
- ਤਿੰਨ ਮਿੰਟਾਂ ਲਈ ਡੂੰਘਾ ਸਾਹ ਲਵੇ
- ਆਪਣੀਆਂ ਅੱਖਾਂ ਬੰਦ ਕਰੇ ਅਤੇ ਖੋਲ੍ਹੇ
- ਕੁਝ ਮਿੰਟਾਂ ਲਈ ਫ਼ਲੈਸ਼ਿੰਗ ਚਮਕਦਾਰ ਰੌਸ਼ਨੀ ਨੂੰ ਵੇਖੇ
ਉਸ ਦੇ ਦਿਮਾਗ਼ ਅੰਦਰ ਖ਼ਾਸ ਕਿਸਮ ਦੀ ਹਰਕਤ ਨੂੰ ਉਤੇਜਤ ਕਰਨ ਦੇ ਮੰਤਵ ਨਾਲ ਇਹ ਅਭਿਆਸ ਕੀਤੇ ਜਾਂਦੇ ਹਨ। ਜਿਉਂ ਜਿਉਂ ਦਿਮਾਗ਼ ਦੀ ਹਰਕਤ ਵਿੱਚ ਤਬਦੀਲੀ ਆਉਂਦੀ ਹੈ, ਓਵੇਂ ਓਵੇਂ ਬਿਜਲਈ ਪੈਟਰਨ ਵੀ ਬਦਲਦੇ ਜਾਂਦੇ ਹਨ। ਵੱਖ ਵੱਖ ਕਿਰਿਆਵਾਂ ਦੌਰਾਨ ਪੈਟਰਨ ਵਿੱਚ ਤਬਦੀਲੀਆਂ ਵਾਪਰਨ ਨਾਲ ਡਾਕਟਰ ਪਤਾ ਕਰ ਸਕਦਾ ਹੈ ਕਿ ਦਿਮਾਗ਼ ਕਿਵੇਂ ਕੰਮ ਕਰਦਾ ਹੈ।
ਸੁੱਤਿਆਂ ਹੋਇਆਂ ਅਤੇ ਜਾਗਦਿਆਂ ਹੋਇਆਂ
ਤੁਹਾਡਾ ਬੱਚਾ ਜਦੋਂ ਸੱਤਾ ਹੋਵੇ ਤੇ ਫਿਰ ਜਦੋਂ ਜਾਗਦਾ ਹੋਵੇ ਉਸ ਦਾ ਟੈਸਟ ਦੋਹਾਂ ਹਾਲਤਾਂ ਦੌਰਾਨ ਕੀਤਾ ਜਾਂਦਾ ਹੈ। ਇਹ ਜਾਗਦਿਆਂ ਅਤੇ ਸੁੱਤਿਆਂ ਹੋਇਆਂ ਦਿਮਾਗ਼ ਅੰਦਰ ਫ਼ਰਕ ਦਰਸਾਉਂਦਾ ਹੈ।
ਈ ਈ ਜੀ (EEG) ਦੇ ਮੰਦੇ ਅਸਰ
ਜੇ ਤੁਹਾਡੇ ਬੱਚੇ ਨੇ ਸੈਡੇਟਿਵ ਨਹੀਂ ਲਏ ਤਾਂ ਉਸ ਉੱਤੇ ਈ ਈ ਜੀ (EEG) ਕਾਰਨ ਕੋਈ ਮੰਦੇ ਅਸਰ ਨਹੀਂ ਪੈਣਗੇ ਜਾਂ ਸਮੱਸਿਆ ਨਹੀਂ ਹੋਵੇਗੀ।
ਜੇ ਤੁਹਾਡੇ ਬੱਚੇ ਨੇ ਸੈਡੇਟਿਵ ਲਿਆ ਹੋਵੇ ਤਾਂ ਹੋ ਸਕਦਾ ਹੈ ਉਹ ਉਨੀਂਦਰਾ, ਚਿੜਚਿੜਾ ਜਾਂ ਚਾਰ ਤੋਂ ਛੇ ਘੰਟਿਆਂ ਲਈ ਡਾਵਾਂਡੋਲ ਲੱਗੇ। ਕ੍ਰਿਪਾ ਕਰ ਕੇ, ਟੈਸਟ ਪਿੱਛੋਂ ਛੇ ਘੰਟਿਆਂ ਲਈ ਆਪਣੇ ਬੱਚੇ ਦਾ ਧਿਆਨ ਰੱਖੋ। ਆਪਣੇ ਬੱਚੇ ਨੂੰ ਸਿਰਫ ਥੋੜ੍ਹੀ ਥੋੜ੍ਹੀ ਮਾਤਰਾ ਵਿੱਚ ਸਾਫ਼ ਤਰਲ ਜਿਵੇਂ ਕਿ ਪਾਣੀ ਜਾਂ ਸੇਬਾਂ ਦਾ ਜੂਸ ਦਿਓ। ਜੇ ਤੁਹਾਡਾ ਬੱਚਾ ਖਾਣਾ ਚਾਹੇ ਤਾਂ ਉਹ ਆਮ ਵਰਗਾ ਖਾਣਾ ਖਾ ਸਕਦਾ ਹੈ। ਜਦੋਂ ਤੁਹਾਡਾ ਬੱਚਾ ਪੂਰੀ ਤਰ੍ਹਾਂ ਜਾਗ ਪੈਂਦਾ ਹੈ ਤਾਂ ਉਹ ਮੁੜ ਕੇ ਆਮ ਵਾਲੇ ਕੰਮ ਕਰਨੇ ਸ਼ੁਰੂ ਕਰ ਸਕਦਾ ਹੈ।
ਤੁਹਾਡੇ ਬੱਚੇ ਦੇ ਵਾਲ ਕਰੀਮ ਕਰਕੇ ਥੋੜ੍ਹੇ ਜਿਹੇ ਚਿਪਚਿਪੇ ਹੋਣਗੇ। ਤੁਸੀਂ ਇਸ ਕਰੀਮ ਨੂੰ ਸਹਿਜੇ ਹੀ ਸ਼ੈਂਪੂ ਨਾਲ ਧੋ ਸਕਦੇ ਹੋ।
ਮੁੱਖ ਨੁਕਤੇ
- ਈ ਈ ਜੀ (EEG) ਇੱਕ ਟੈਸਟ ਹੁੰਦਾ ਹੈ ਜੋ ਦਿਮਾਗ਼ ਅੰਦਰ ਬਿਜਲੀ ਪੈਟਰਨਾਂ ਦਾ ਪਤਾ ਕਰਦਾ ਹੈ।
- ਜੇ ਡਾਕਟਰ ਮੰਨਦੇ ਹੋਣ ਕਿ ਦਿਮਾਗ ਵਿੱਚ ਕੋਈ ਸਮੱਸਿਆ ਹੋ ਸਕਦੀ ਹੈ ਤਾਂ ਬੱਚਿਆਂ ਦਾ ਈ ਈ ਜੀ (EEG) ਕੀਤਾ ਜਾਂਦਾ ਹੈ।
- ਈ ਈ ਜੀ (EEG) ਕਰਨ ਲਈ ਲੱਗਭਗ ਇੱਕ ਘੰਟਾ ਲੱਗਦਾ ਹੈ।
- ਜੇ ਬੱਚੇ ਟਿਕ ਕੇ ਨਹੀਂ ਲੇਟ ਸਕਦੇ ਤਾਂ ਉਨ੍ਹਾਂ ਨੂੰ ਸਵਾਉਣ ਲਈ ਦਵਾਈ ਦਿੱਤੀ ਜਾ ਸਕਦੀ ਹੈ।