ਮੈਨਿਨਜਾਈਟਿਸ

Meningitis [ Punjabi ]

PDF download is not available for Arabic and Urdu languages at this time. Please use the browser print function instead

ਮੈਨਿਨਜਾਈਟਿਸ ਦਿਮਾਗ਼ ਅਤੇ ਰੀੜ੍ਹ ਦੀ ਹੱਡੀ ਦੇ ਤਰਲਾਂ ਨੂੰ ਲੱਗਣ ਵਾਲੀ ਇੱਕ ਲਾਗ ਹੁੰਦੀ ਹੈ। ਮੈਨਿਨਜਾਈਟਿਸ ਦੇ ਕਾਰਨਾਂ ਅਤੇ ਇਸ ਦੀ ਰੋਕ-ਥਾਮ ਅਤੇ ਇਲਾਜ ਬਾਰੇ ਵੀ ਪੜ੍ਹੋ।

ਮੈਨਿਨਜਾਈਟਿਸ ਕੀ ਹੁੰਦਾ ਹੈ?

ਵਿਅਕਤੀ ਦੀ ਰੀੜ੍ਹ ਦੀ ਹੱਡੀ ਅਤੇ ਦਿਮਾਗ਼ ਦੁਆਲੇ ਤਰਲ ਦੀ ਲਾਗ ਨੂੰ ਮੈਨਿਨਜਾਈਟਿਸ ਕਹਿੰਦੇ ਹਨ। ਇਸ ਤਰਲ ਨੂੰ ਸਰੈਬਰੋਸਪਾਈਨਲ ਤਰਲ ਜਾਂ ਸੀ ਐੱਸ ਐੱਫ਼ ( CSF) ਕਿਹਾ ਜਾਂਦਾ ਹੈ।

ਮੈਨਿਨਜਾਈਟਿਸ ਨੂੰ ਕਈ ਵਾਰੀ ਰੀੜ੍ਹ ਸੰਬੰਧਤ ਮੈਨਿਨਜਾਈਟਿਸ ਵੀ ਕਿਹਾ ਜਾਂਦਾ ਹੈ।

ਮੈਨਿਨਜਾਈਟਿਸਖੋਪਰੀ ਅਤੇ ਦਿਮਾਗ ਦੇ ਵਿਚਕਾਰਲੇ ਸਧਾਰਨ ਮੇਨੰਨਜਿਜ਼, ਅਤੇ ਸੋਜ ਵਾਲੇ ਵਿਗਾੜਗ੍ਰਸਤ ਮੇਨੰਨਜਿਜ਼ ਦਾ ਕਲੋਜ਼-ਅੱਪ
ਮੈਨਿਨਜਾਈਟਿਸ
ਮੈਨਿਨਜਸ ਦੀ ਇੱਕ ਲਾਗ ਹੁੰਦੀ ਹੈ ਜਿਹੜੀਆਂ ਟਿਸ਼ੂ ਦੀਆਂ ਪਤਲੀਆਂ ਤੈਹਾਂ ਹੁੰਦੀਆਂ ਹਨ ਜੋ ਦਿਮਾਗ਼ ਅਤੇ ਰੀੜ੍ਹ ਦੀ ਹੱਡੀ ਨੂੰ ਢੱਕਦੀਆਂ ਹਨ।

ਬੱਚਿਆਂ ਨਾਲੋਂ ਬੇਬੀਆਂ ਵਿੱਚ ਮੈਨਿਨਜਾਈਟਿਸ ਵੱਖਰੀ ਤਰ੍ਹਾਂ ਵਿਖਾਈ ਦਿੰਦਾ ਹੈ।

2 ਸਾਲ ਤੋਂ ਵੱਧ ਉਮਰ ਦੇ ਬੱਚੇ

2 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਆਮ ਕਰ ਕੇ ਮੈਨਿਨਜਾਈਟਿਸ ਦੇ ਹੇਠ ਦਰਜ ਲੱਛਣ ਮਿਲਦੇ ਹਨ:

  • ਤੇਜ਼ ਬੁਖ਼ਾਰ
  • ਸਿਰ ਦਰਦ
  • ਗਰਦਨ ਵਿੱਚ ਅਕੜਾਅ

ਇਹ ਲੱਛਣ ਵਿਕਸਤ ਹੋਣ ਵਿੱਚ ਕਈ ਘੰਟੇ ਲੱਗ ਸਕਦੇ ਹਨ, ਜਾਂ 1 ਤੋਂ 2 ਦਿਨ ਵੀ ਲੱਗ ਸਕਦੇ ਹਨ।

ਮੈਨਿਨਜਾਈਟਿਸ ਦੇ ਦੂਜੇ ਲੱਛਣਾਂ ਵਿੱਚ ਹੇਠ ਦਰਜ ਸ਼ਾਮਲ ਹਨ:

  • ਪੇਟ ਅੰਦਰ ਬਿਮਾਰ ਮਹਿਸੂਸ ਕਰਨਾ (ਦਿਲ ਕੱਚਾ ਹੋਣਾ)
  • ਉਲਟੀਆਂ ਕਰਨੀਆਂ
  • ਤੇਜ਼ ਰੌਸ਼ਨੀ ਨੂੰ ਵੇਖਣ ਨਾਲ ਬੇਅਰਾਮੀ ਹੋਣੀ
  • ਪਰੇਸ਼ਾਨੀ
  • ਉਨੀਂਦਰਾ

ਜਿਵੇਂ ਜਿਵੇਂ ਇਹ ਲਾਗ ਚੱਲਦੀ ਰਹਿੰਦੀ ਹੈ, ਕਿਸੇ ਵੀ ਉਮਰ ਦੇ ਬਿਮਾਰ ਨੂੰ ਦੌਰੇ ਪੈ ਸਕਦੇ ਹਨ।

2 ਸਾਲ ਤੱਕ ਦੇ ਬੇਬੀ ਅਤੇ ਬੱਚੇ

ਬੇਬੀਆਂ ਵਿੱਚ ਮੈਨਿਨਜਾਈਟਿਸ ਵੱਖਰੀ ਤਰ੍ਹਾਂ ਵਿਖਾਈ ਦਿੰਦਾ ਹੈ। ਮੈਨਿਨਜਾਈਟਿਸ ਵਾਲੇ ਬੇਬੀਆਂ ਵਿੱਚ ਹੇਠ ਦਰਜ ਲੱਛਣ ਹੁੰਦੇ ਹਨ:

  • ਨਾ ਹੀ ਬਹੁਤਾ ਹਿਲਦੇ-ਜੁਲਦੇ ਹਨ ਜਾਂ ਨਾ ਹੀ ਕੁੱਝ ਹੋਰ ਕਰਦੇ ਹਨ
  • ਚਿੜਚਿੜੇ ਜਾਂ ਛੇਤੀ ਖਿਝ ਜਾਣਾ
  • ਉਲਟੀਆਂ ਕਰਨੀਆਂ
  • ਚੰਗੀ ਤਰ੍ਹਾਂ ਖਾਂਦੇ ਪੀਂਦੇ ਨਹੀਂ

ਬੇਬੀਆਂ ਵਿੱਚ ਵੱਡੇ ਬੱਚਿਆਂ ਵਾਲੇ ਲੱਛਣ, ਜਿਵੇਂ ਕਿ ਬੁਖ਼ਾਰ, ਸਿਰ ਦਰਦ, ਅਤੇ ਗਰਦਨ ਵਿੱਚ ਅਕੜਾਅ, ਨਹੀਂ ਹੁੰਦੇ। ਜੇ ਇਹ ਲੱਛਣ ਉਨ੍ਹਾਂ ਵਿੱਚ ਨਹੀਂ ਦਿੱਸਦੇ ਤਾਂ ਉਨ੍ਹਾਂ ਦੇ ਆਮ ਵਿਹਾਰ ਵਿੱਚ ਨਖੇੜਾ ਕਰਨਾ ਔਖਾ ਹੁੰਦਾ ਹੈ।

ਜਿਵੇਂ ਜਿਵੇਂ ਇਹ ਲਾਗ ਚੱਲਦੀ ਰਹਿੰਦੀ ਹੈ, ਭਾਵੇਂ ਕਿਸੇ ਵੀ ਉਮਰ ਦਾ ਹੋਵੇ ਇਸ ਦੇ ਬਿਮਾਰ ਨੂੰ ਦੌਰੇ ਪੈ ਸਕਦੇ ਹਨ।

ਜੇ ਤੁਸੀਂ ਸਮਝਦੇ ਹੋ ਕਿ ਤੁਹਾਡੇ ਬੱਚੇ ਨੂੰ ਮੈਨਿਨਜਾਈਟਿਸ ਹੈ ਤਾਂ ਤੁਰੰਤ ਹੀ ਉਸ ਨੂੰ ਡਾਕਟਰ ਕੋਲ ਲੈ ਜਾਓ

ਜੇ ਤੁਹਾਡੇ ਬੱਚੇ ਵਿੱਚ ਉੱਪਰ ਦਰਜ ਲੱਛਣ ਹੋਣ, ਤਾਂ ਤੁਰੰਤ ਹੀ ਉਸ ਨੂੰ ਡਾਕਟਰ ਕੋਲ ਲੈ ਜਾਓ। ਇਹ ਜ਼ਰੂਰੀ ਹੈ ਕਿ ਮੈਨਿਨਜਾਈਟਿਸ ਦਾ, ਜਿੰਨੀ ਛੇਤੀ ਸੰਭਵ ਹੋਵੇ, ਪਤਾ ਲਾਇਆ ਜਾਵੇ ਅਤੇ ਇਸ ਦਾ ਇਲਾਜ ਕੀਤਾ ਜਾਵੇ।

ਰੀੜ੍ਹ ਦੀ ਹੱਡੀ ਅਤੇ ਦਿਮਾਗ਼ ਦੁਆਲੇ ਤਰਲ (CSF) ਦਾ ਟੈਸਟ ਕਰਨ ਨਾਲ ਡਾਕਟਰ ਆਮ ਤੌਰ 'ਤੇ ਪਤਾ ਲਾ ਲੈਂਦੇ ਹਨ ਕਿ ਬੱਚੇ ਨੂੰ ਮੈਨਿਨਜਾਈਟਿਸ ਹੈ। ਡਾਕਟਰ ਤੁਹਾਡੇ ਬੱਚੇ ਦੇ CSF ਦਾ ਨਮੂਨਾ ਲੈਣ ਲਈ ਉਹ ਲੰਬਰ ਪੰਕਚਰ (ਰੀੜ੍ਹ ਦੀ ਹੱਡੀ ਵਿੱਚੋਂ ਤਰਲ ਦਾ ਨਮੂਨਾ ਲੈਣ ਦੀ ਵਿਧੀ) ਕਰੇਗਾ। ਡਾਕਟਰ ਬੱਚੇ ਦੀ ਪਿੱਠ ਵਿੱਚ ਸੂਈ ਇਨੀ ਡੂੰਘੀ ਲਾਵੇਗਾ ਜਿੱਥੋਂ CSF ਅਸਾਨੀ ਨਾਲ ਉਪਲਬਧ ਹੁੰਦਾ ਹੋਵੇ। ਇਸ ਅਮਲ ਨੂੰ ਸਪਾਈਨਲ ਟੈਪ ਵੀ ਕਿਹਾ ਜਾਂਦਾ ਹੈ।

ਪ੍ਰਯੋਗਸ਼ਾਲਾ ਫ਼ਿਰ ਇਸ ਨਮੂਨੇ ਦਾ ਟੈਸਟ ਕਰੇਗੀ। ਇਹ ਟੈਸਟ ਦੱਸੇਗਾ ਕਿ ਮੈਨਿਨਜਾਈਟਿਸ ਕਿਸ ਕਿਸਮ ਦਾ ਹੈ। ਜਦੋਂ ਡਾਕਟਰ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਤੁਹਾਡੇ ਬੱਚੇ ਨੂੰ ਕਿਸ ਕਿਸਮ ਦਾ ਮੈਨਿਨਜਾਈਟਿਸ ਹੈ, ਤਾਂ ਉਹ ਤੁਹਾਡੇ ਬੱਚੇ ਦਾ ਠੀਕ ਇਲਾਜ ਕਰ ਸਕੇਗੀ।

ਲੰਬਰ ਪੰਕਚਰ ਰੀੜ੍ਹ ਦੇ ਜੋੜ, ਰੀੜ੍ਹ ਦੀ ਹੱਡੀ ਅਤੇ ਸੀਐਸਐਫ (CSF) ਦਾ ਨਮੂਨਾ ਲੈ ਰਹੀ ਪਾਈ ਗਈ ਸੂਈ ਦੇ ਨਾਲ ਸੇਰੇਬਰੋਸਪਾਈਨਲ ਫਲੂਇਡ (ਸੀਐਸਐਫ)
ਕੰਗਰੋੜ ਦੀ ਮਣਕੇਦਾਰ ਹੱਡੀ ਅਤੇ ਰੀੜ ਦੇ ਹੇਠਲੇ ਹਿੱਸੇ ਵਿਚਕਾਰ ਛੋਟੀ ਜਿਹੀ ਸੂਈ ਲਾਈ ਜਾਂਦੀ ਹੈ। ਇਹ ਉਸ ਨੁਕਤੇ ਤੋਂ ਥੱਲੇ ਹੁੰਦਾ ਹੈ ਜਿੱਥੇ ਰੀੜ੍ਹ ਦੀ ਹੱਡੀ ਖ਼ਤਮ ਹੁੰਦੀ ਹੈ। ਰੀੜ੍ਹ ਦੀ ਹੱਡੀ ਤੇ ਦਿਮਾਗ਼ ਦੇ ਮੇਲ ਨੁਕਤੇ ਵਿੱਚੋਂ ਨਮੂਨਾ ਲਿਆ ਜਾਂਦਾ ਹੈ ਅਤੇ ਟੈਸਟ ਕਰਨ ਲਈ ਪ੍ਰਯੋਗਸ਼ਲਾਲਾ ਭੇਜਿਆ ਜਾਂਦਾ ਹੈ।

ਮੈਨਿਨਜਾਈਟਿਸ ਆਮ ਕਰ ਕੇ ਵਾਇਰਸ ਜਾਂ ਜਰਾਸੀਮ ਕਾਰਨ ਹੁੰਦਾ ਹੈ

ਤੁਹਾਡੇ ਬੱਚੇ ਦਾ ਇਲਾਜ ਇਸ ਗੱਲ ਉੱਤੇ ਨਿਰਭਰ ਕਰੇਗਾ ਕਿ ਮੈਨਿਨਜਾਈਟਿਸ ਕਿਸ ਕਾਰਨ ਹੋਇਆ ਹੈ।

ਵਾਇਰਸ ਸੰਬੰਧਤ ਮੈਨਨਜਾਈਟਿਸ

ਜੇ ਮੈਨਨਜਾਈਟਿਸ ਵਾਇਰਸ ਕਾਰਨ ਹੋਇਆ ਹੋਵੇ, ਇਸ ਨੂੰ ਵਾਇਰਸ ਸੰਬੰਧਤ ਐਨਨਜਾਈਟਿਸ ਕਿਹਾ ਜਾਂਦਾ ਹੈ। ਵਾਇਰਸ ਨਾਲ ਹੋਣ ਵਾਲਾ ਮੈਨਨਜਾਈਟਿਸ ਬਹੁਤਾ ਖ਼ਤਰਨਾਕ ਨਹੀਂ ਹੁੰਦਾ। ਆਮ ਤੌਰ 'ਤੇ ਇਹ ਬਿਨਾਂ ਕਿਸੇ ਵਿਸ਼ੇਸ਼ ਇਲਾਜ ਤੋਂ ਠੀਕ ਹੋ ਜਾਂਦਾ ਹੈ।

ਜਰਾਸੀਮੀ ਮੈਨਿਨਜਾਈਟਿਸ

ਜੇ ਮੈਨਿਨਜਾਈਟਿਸ ਜਰਾਸੀਮ ਦੁਆਰਾ ਹੋਇਆ ਹੋਵੇ, ਇਸ ਨੂੰ ਜਰਾਸੀਮੀ ਮੈਨਿਨਜਾਈਟਿਸ ਕਿਹਾ ਜਾਂਦਾ ਹੈ। ਜਰਾਸੀਮੀ ਮੈਨਿਨਜਾਈਟਿਸ ਬਹੁਤ ਖ਼ਤਰਨਾਕ ਹੋ ਸਕਦਾ ਹੈ। ਇਸ ਨਾਲ ਦਿਮਾਗ਼ ਨੂੰ ਨੁਕਸਾਨ ਹੋ ਸਕਦਾ ਹੈ, ਸੁਣਨ ਸ਼ਕਤੀ ਖ਼ਤਮ ਹੋ ਸਕਦੀ ਹੈ, ਜਾਂ ਸਿੱਖਣ ਦੀ ਅਯੋਗਤਾ ਪੈਦਾ ਹੋ ਸਕਦੀ ਹੈ।

ਜਰਾਸੀਮੀ ਮੈਨਿਨਜਾਈਟਿਸ ਦਾ ਇਲਾਜ ਰੋਗਾਣੂਨਾਸ਼ਕਾਂ (ਐਂਟੀਬਾਇਟਿਕਸ) ਨਾਲ ਕੀਤਾ ਜਾਂਦਾ ਹੈ ਜਿਹੜੇ ਤੁਹਾਡੇ ਬੱਚੇ ਦੀ ਨਾੜੀ ਵਿੱਚ (IV) ਸੂਈ ਲਗਾ ਕੇ ਸਿੱਧੇ ਤੁਹਾਡੇ ਬੱਚੇ ਦੇ ਖ਼ੂਨ ਵਿੱਚ ਦਿੱਤੇ ਜਾਂਦੇ ਹਨ। ਆਮ ਤੌਰ 'ਤੇ ਇਹ ਰੋਗਾਣੂਨਾਸ਼ਕ ਜਰਾਸੀਮੀ ਮੈਨਿਨਜਾਈਟਿਸ ਨੂੰ ਠੀਕ ਕਰ ਸਕਦੇ ਹਨ। ਇਹ ਜ਼ਰੂਰੀ ਹੈ ਕਿ ਇਹ ਇਲਾਜ ਜਿੰਨੀ ਛੇਤੀ ਹੋ ਸਕੇ ਸ਼ੁਰੂ ਕੀਤਾ ਜਾਵੇ।

ਜਰਾਸੀਮੀ ਮੈਨਿਨਜਾਈਟਿਸ ਦੀਆਂ ਕਈ ਕਿਸਮਾਂ ਹੁੰਦੀਆਂ ਹਨ। ਰੋਗਾਣੂਨਾਸ਼ਕਾਂ (ਐਂਟੀਬਾਇਟਿਕਸ) ਨਾਲ ਕੁਝ ਕਿਸਮਾਂ ਦੇ ਮੈਨਿਨਜਾਈਟਿਸ ਨੂੰ ਫ਼ੈਲਣ ਅਤੇ ਦੂਜਿਆਂ ਨੂੰ ਲੱਗਣ ਤੋਂ ਰੋਕਿਆ ਜਾ ਸਕਦਾ ਹੈ। ਇਸ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਕਿਹੜੀ ਕਿਸਮ ਦਾ ਜਰਾਸੀਮ ਮੈਨਿਨਜਾਈਟਿਸ ਪੈਦਾ ਕਰ ਰਿਹਾ ਹੈ।

ਮੈਨਿਨਜਾਈਟਿਸ ਦੂਜੇ ਲੋਕਾਂ ਨੂੰ ਵੀ ਲੱਗ ਸਕਦਾ ਹੈ

ਜਰਾਸੀਮੀ ਮੈਨਿਨਜਾਈਟਿਸ ਦੀ ਕੁਝ ਕਿਸਮਾਂ ਛੂਤ ਦੁਆਰਾ ਦੂਜਿਆਂ ਨੂੰ ਲੱਗ ਜਾਂਦੀਆਂ ਹਨ। ''ਛੂਤ'' ਦਾ ਭਾਵ ਹੈ ਕਿ ਇਹ ਸਹਿਜੇ ਹੀ ਦੂਜੇ ਲੋਕਾਂ ਨੂੰ ਲੱਗ ਸਕਦਾ ਹੈ। ਜਦੋਂ ਮੈਨਿਨਜਾਈਟਿਸ ਵਾਲੇ ਵਿਅਕਤੀ ਦੇ ਮੂੰਹ ਵਿੱਚੋਂ ਨਿਕਲੀ ਬਲਗ਼ਮ ਜਾਂ ਨੱਕ ਨੂੰ ਕੋਈ ਛੋਹ ਲੈਂਦਾ ਹੈ ਤਾਂ ਇਹ ਜਰਾਸੀਮ ਫ਼ੈਲ ਜਾਂਦੇ ਹਨ। ਮੈਨਿਨਜਾਈਟਿਸ ਫ਼ੈਲਣ ਦੇ ਢੰਗਾਂ ਵਿੱਚੋਂ ਕੁਝ ਹੇਠ ਦਰਜ ਹਨ:

  • ਖੰਘਣਾ
  • ਚੁੰਮਣਾ
  • ਇੱਕੋ ਕੱਪ ਵਿੱਚੋਂ ਪੀਣਾ

ਜਿਵੇਂ ਆਮ ਜ਼ੁਕਾਮ ਜਾਂ ਫ਼ਲੂ ਸਹਿਜੇ ਹੀ ਫ਼ੈਲ ਜਾਂਦੇ ਹਨ ਮੈਨਿਨਜਾਈਟਿਸ ਏਨਾ ਸੌਖਾ ਨਹੀਂ ਫ਼ੈਲਦਾ। ਇਹ ਸਾਧਾਰਨ ਸੰਪਰਕ ਦੁਆਰਾ ਨਹੀਂ ਫ਼ੈਲਦਾ। ਇਸ ਦਾ ਭਾਵ ਹੈ ਕਿ ਅਜਿਹੀ ਜਗ੍ਹਾ, ਜਿੱਥੇ ਮੈਨਿਨਜਾਈਟਿਸ ਵਾਲਾ ਵਿਅਕਤੀ ਹਾਜ਼ਰ ਸੀ, ਓਥੇ ਸਾਹ ਲੈਣ ਨਾਲ ਤੁਹਾਨੂੰ ਮੈਨਿਨਜਾਈਟਿਸ ਨਹੀਂ ਲੱਗ ਸਕਦਾ।

ਮੈਨਿਨਜਾਈਟਿਸ ਇੱਕ ਲਾਗ ਹੈ ਜਿਸ ਦੀ ਸੂਚਨਾ ਪਬਲਿਕ ਹੈਲ਼ਥ ਵਿਭਾਗ ਨੂੰ ਜ਼ਰੂਰ ਦੇਣੀ ਚਾਹੀਦੀ ਹੈ। ਤੁਹਾਡੇ ਬੱਚੇ ਬਾਰੇ ਅਤੇ ਉਨ੍ਹਾਂ ਨੂੰ ਮੈਨਿਨਜਾਈਟਿਸ ਕਿਵੇਂ ਲੱਗਦਾ ਹੈ ਬਾਰੇ ਵਧੇਰੇ ਜਾਣਕਾਰੀ ਹਾਸਲ ਕਰਨ ਲਈ ਤੁਹਾਡੇ ਇਲਾਕੇ ਦਾ ਪਬਲਿਕ ਹੈਲ਼ਥ ਵਿਭਾਗ ਤੁਹਾਡੇ ਨਾਲ ਸੰਪਰਕ ਕਰ ਸਕਦਾ ਹੈ।

ਮੈਨਿਨਜਾਈਟਿਸ ਦੇ ਬਿਮਾਰ ਵਿਅਕਤੀ ਦੇ ਨਜ਼ਦੀਕੀ ਸੰਪਰਕ ਤੋਂ ਪਰਹੇਜ਼ ਕਰਨਾ

ਲੋਕ, ਜਿੰਨ੍ਹਾਂ ਨੂੰ ਮੈਨਿਨਜਾਈਟਿਸ ਦੇ ਬਿਮਾਰ ਤੋਂ ਇਹ ਬਿਮਾਰੀ ਲੱਗਣ ਦੀ ਸੰਭਾਵਨਾ ਹੋਵੇ, ਉਨ੍ਹਾਂ ਵਿੱਚ ਹੇਠ ਦਰਜ ਸ਼ਾਮਲ ਹਨ:

  • ਬੁਆਏ ਫ਼ਰੈਂਡ ਜਾਂ ਗਰਲ ਫ਼ਰੈਂਡ
  • ਇੱਕੋ ਹੀ ਘਰ ਅੰਦਰ ਪਰਿਵਾਰ ਦੇ ਮੈਂਬਰ
  • ਅਜਿਹੇ ਸਕੂਲ ਜਾਂ ਡੇਅ ਕੇਅਰ ਵਿੱਚਲੇ ਵਿਕਅਤੀ ਜਿੱਥੇ ਕੋਈ ਮੈਨਿਨਜਾਈਟਿਸ ਦਾ ਬਿਮਾਰ ਹੋਵੇ

ਇਨ੍ਹਾ ਲੋਕਾਂ ਨੂੰ ਮੈਨਨਜਾਈਟਿਸ ਲੱਗੀ ਵਾਲੇ ਵਿਅਕਤੀ ਦੇ ''ਨਜ਼ਦੀਕੀ ਸੰਪਰਕ'' ਕਿਹਾ ਜਾਂਦਾ ਹੈ।

ਜੇ ਤੁਸੀਂ ਜਾਂ ਤੁਹਾਡੇ ਪਰਿਵਾਰ ਦੇ ਮੈਂਬਰ ਮੈਨਿਨਜਾਈਟਿਸ ਦੇ ਬਿਮਾਰ ਦੇ ਨਜ਼ਦੀਕੀ ਸੰਪਰਕ ਵਿੱਚ ਹੋਣ ਤਾਂ ਆਪਣੇ ਡਾਕਟਰ ਨੂੰ ਮਿਲੋ। ਤੁਹਾਨੂੰ ਰੋਗਾਣੂਨਾਸ਼ਕ ਲੈਣ ਦੀ ਲੋੜ ਪੈ ਸਕਦੀ ਹੈ ਤਾਂ ਜੋ ਤੁਹਾਨੂੰ ਵੀ ਮੈਨਿਨਜਾਈਟਿਸ ਨਾ ਲੱਗ ਜਾਵੇ।

ਜੇ ਤੁਹਾਡਾ ਬੱਚਾ ਮੈਨਿਨਜਾਈਟਿਸ ਕਾਰਨ ਹਸਪਤਾਲ ਵਿੱਚ ਹੋਵੇ

ਜੇ ਤੁਹਾਡਾ ਬੱਚਾ ਮੈਨਿਨਜਾਈਟਿਸ ਕਾਰਨ ਹਸਪਤਾਲ ਵਿੱਚ ਦਾਖ਼ਲ ਹੋਵੇ, ਤੁਹਾਡੇ ਬੱਚੇ ਦੀ ਸੰਭਾਲ ਕਰਨ ਵਾਲੇ ਅਮਲੇ ਨੂੰ ਯਕੀਨੀ ਬਣਾਉਣਾ ਪਵੇਗਾ ਕਿ ਇਹ ਫ਼ੈਲ ਕੇ ਦੂਜੇ ਲੋਕਾਂ ਨੂੰ ਨਾ ਲੱਗ ਜਾਵੇ। ਮੈਨਿਨਜਾਈਟਿਸ ਦੇ ਫ਼ੈਲਣ ਤੋਂ ਰੋਕਣ ਦੇ ਕੁਝ ਢੰਗ ਹੇਠ ਦਰਜ ਹਨ:

  • ਤੁਹਾਡੇ ਬੱਚੇ ਨੂੰ ਇੱਕ ਵੱਖਰੇ ਕਮਰੇ ਵਿੱਚ ਰੱਖਿਆ ਜਾਵੇਗਾ। ਉਹ ਖੇਡਾਂ ਖੇਡਣ ਵਾਲੇ ਕਮਰੇ ਵਿੱਚ ਨਹੀਂ ਜਾ ਸਕੇਗਾ। ਬੱਚਿਆਂ ਦੇ ਲਾਈਫ਼ ਸਪੈਸ਼ਲਿਸਟ ਨੂੰ ਖਿਡਾਉਣੇ ਅਤੇ ਦੂਜੀਆਂ ਵਸਤਾਂ ਕਮਰੇ ਵਿੱਚ ਲਿਆਉਣ ਲਈ ਕਹੋ।
  • ਜਦੋਂ ਤੁਹਾਡੇ ਬੱਚੇ ਨੂੰ ਰੋਗਾਣੂਨਾਸ਼ਕ ਦੇਣ ਦੇ ਪਹਿਲੇ 24 ਘੰਟਿਆਂ ਵਿੱਚ, ਜਦੋਂ ਹਸਪਤਾਲ ਦਾ ਅਮਲਾ ਉਸ ਨੂੰ ਵੇਖਣ ਲਈ ਆਵੇਗਾ, ਤਾਂ ਉਨ੍ਹਾਂ ਨੇ ਨਿਕਾਬ, ਅੱਖਾਂ ਦੀ ਸੁਰੱਖਿਆ, ਦਸਤਾਨੇ ਅਤੇ ਗਾਊਨ ਪਾਇਆ ਹੋਵੇਗਾ।
  • ਆਪਣੇ ਬੱਚੇ ਨੂੰ ਛੋਹਣ ਤੋਂ ਪਹਿਲਾਂ ਅਤੇ ਪਿੱਛੋਂ ਅਤੇ ਆਪਣੇ ਬੱਚੇ ਦੇ ਕਮਰੇ ਵਿੱਚੋਂ ਬਾਹਰ ਜਾਣ ਤੋਂ ਪਹਿਲਾਂ ਆਪਣੇ ਹੱਥ ਸਾਬਣ ਅਤੇ ਪਾਣੀ ਨਾਲ ਧੋਵ੍ਹੋ। ਹਸਪਤਾਲ ਦੇ ਅਮਲੇ ਲਈ ਵੀ ਇਸ ਤਰ੍ਹਾਂ ਕਰਨਾ ਜ਼ਰੂਰੀ ਹੈ।
  • ਤੁਹਾਨੂੰ ਅਤੇ ਤੁਹਾਡੇ ਪਰਿਵਾਰ ਦੇ ਦੂਜੇ ਮੈਂਬਰਾਂ ਅਤੇ ਨਜ਼ਦੀਕੀ ਸੰਪਰਕ ਵਾਲੇ ਵਿਅਕਤੀਆਂ ਨੂੰ ਵੀ ਰੋਗਾਣੂਨਾਸ਼ਕ ਲੈਣੇ ਪੈ ਸਕਦੇ ਹਨ।

ਜੇ ਤੁਸੀਂ ਜਾਂ ਕੋਈ ਹੋਰ ਵਿਅਕਤੀ, ਜਿਹੜਾ ਬੱਚੇ ਨੂੰ ਮਿਲਣ ਆਇਆ ਸੀ ਮੈਨਨਜਾਈਟਿਸ ਦੇ ਲੱਛਣਾਂ ਨਾਲ ਬਿਮਾਰ ਹੋ ਜਾਂਦਾ ਹੈ, ਜਿੰਨੀ ਛੇਤੀ ਹੋ ਸਕੇ ਆਪਣੇ ਬੱਚੇ ਦੇ ਡਾਕਟਰ ਜਾਂ ਨਰਸ ਨੂੰ ਦੱਸੋ।

ਵੈਕਸੀਨ ਮੈਨਿਨਜਾਈਟਿਸ ਦੀਆਂ ਕੁੱਝ ਕਿਸਮਾਂ ਨੂੰ ਲੱਗਣ ਤੋਂ ਰੋਕ ਸਕਦੀ ਹੈ

ਵੈਕਸੀਨ (ਟੀਕੇ) ਜਰਾਸੀਮੀ ਮੈਨਿਨਜਾਈਟਿਸ ਦੀਆਂ ਕੁਝ ਕਿਸਮਾਂ ਨੂੰ ਲੱਗਣ ਤੋਂ ਰੋਕ ਪਾਉਣ ਵਿੱਚ ਮਦਦ ਕਰ ਸਕਦੇ ਹਨ। ਹੇਠ ਦਰਜ ਕੁੱਝ ਜਰਾਸੀਮਾਂ ਲਈ ਵੈਕਸੀਨ (ਟੀਕੇ) ਹਨ:

  • ਹਿਮਾਫ਼ਿਲੱਸ ਇੰਨਫ਼ਲੂਐਂਜ਼ਾ (Hib) ਮੈਨਿਨਜਾਈਟਿਸ
  • ਨਾਈਸਿਰੀਆ ਮੈਨਿਨਜਾਈਟਿਸ ਦੀਆਂ ਕੁਝ ਕਿਸਮਾਂ
  • ਸਟ੍ਰੈਪਟੋਕਾਕਸ ਨਿਮੂਨੀਏ ਦੀਆਂ ਕੁਝ ਕਿਸਮਾਂ

ਇਸ ਕਿਸਮ ਦੀਆਂ ਵੈਕਸੀਨਾਂ ਬਿਮਾਰੀ ਦੇ ਦੂਜੇ ਲੋਕਾਂ ਤਕ ਫ਼ੈਲਣ ਨੂੰ ਰੋਕਣ ਵਿੱਚ ਮਦਦ ਕਰ ਸਕਦੀਆਂ ਹਨ। ਜਿੱਥੇ ਤੁਸੀਂ ਰਹਿੰਦੇ ਹੋਵੋ ਉੱਥੇ ਇਹ ਵੈਕਸੀਨਾਂ ਮੁਫ਼ਤ ਮਿਲਦੀਆਂ ਹੋ ਸਕਦੀਆਂ ਹਨ। ਆਪਣੇ ਡਾਕਟਰ ਨਾਲ ਗੱਲ ਕਰੋ।

ਮੁੱਖ ਨੁਕਤੇ

  • ਮੈਨਿਨਜਾਈਟਿਸ ਦਿਮਾਗ਼ ਅਤੇ ਰੀੜ੍ਹ ਦੀ ਹੱਡੀ ਦੇ ਤਰਲਾਂ ਨੂੰ ਲੱਗਣ ਵਾਲੀ ਇੱਕ ਲਾਗ ਹੁੰਦੀ ਹੈ।
  • ਮੈਨਿਨਜਾਈਟਿਸ ਦੀਆਂ ਕਈ ਕਿਸਮਾਂ ਹੁੰਦੀਆਂ ਹਨ।
  • ਜਰਾਸੀਮੀ ਮੈਨਿਨਜਾਈਟਿਸ ਦਾ ਇਲਾਜ ਆਮ ਤੌਰ ਤੇ ਰੋਗਾਣੂਨਾਸ਼ਕਾਂ ਨਾਲ ਕੀਤਾ ਜਾ ਸਕਦਾ ਹੈ।
  • ਮੈਨਿਨਜਾਈਟਿਸ ਦੀਆਂ ਕੁਝ ਕਿਸਮਾਂ ਦੂਜੇ ਲੋਕਾਂ ਤੀਕ ਫ਼ੈਲ ਸਕਦੀਆਂ ਹਨ।
  • ਮੈਨਿਨਜਾਈਟਿਸ ਦੇ ਬਿਮਾਰ ਵਿਅਕਤੀ ਦੇ ਨਜ਼ਦੀਕੀ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦਾ ਇਲਾਜ ਵੀ ਰੋਗਾਣੂਨਾਸ਼ਕਾਂ ਨਾਲ ਕੀਤਾ ਜਾ ਸਕਦਾ ਹੈ।
  • ਮੈਨਿਨਜਾਈਟਿਸ ਦੀਆਂ ਕੁਝ ਕਿਸਮਾਂ ਨੂੰ ਵੈਕਸੀਨਾਂ ਦੁਆਰਾ ਰੋਕਿਆ ਜਾ ਸਕਦਾ ਹੈ।
Last updated: ਅਕਤੂਬਰ 16 2009