ਐੱਚਆਈਵੀ (HIV) ਤੋਂ ਕੀ ਭਾਵ ਹੈ?
ਐੱਚਆਈਵੀ (HIV) ਤੋਂ ਭਾਵ ਹੈ ਹਿਊਮਨ ਇਮਿਊਨੋਡੈਫ਼ੀਸ਼ੈਨਸੀ ਵਾਇਰਸ (Human Immunodeficiency Virus)। ਐੱਚਆਈਵੀ (HIV) ਇੱਕ ਵਾਇਰਸ ਹੁੰਦਾ ਹੈ ਜਿਹੜਾ ਇਮਿਊਨ ਸਿਸਟਮ (ਬਿਮਾਰੀ ਤੋਂ ਬਚਾਅ ਕਰਨ ਵਾਲਾ ਸਿਸਟਮ) ਦੇ ਕੁਝ ਸੈੱਲਾਂ ਨੂੰ ਲਾਗ ਲਾ ਦਿੰਦਾ ਹੈ। ਸਮਾਂ ਪਾ ਕੇ ਇਮਿਊਨ ਸਿਸਟਮ ਨੂੰ ਕਮਜ਼ੋਰ ਕਰ ਦਿੰਦਾ ਹੈ। ਇਸ ਨਾਲ ਵਿਅਕਤੀ ਨੂੰ ਦੂਸਰੀਆਂ ਗੰਭੀਰ ਲਾਗਾਂ ਵੀ ਲੱਗਣ ਦਾ ਖ਼ਤਰਾ ਹੋ ਜਾਂਦਾ ਹੈ।
ਐੱਚਆਈਵੀ (HIV) ਦੀ ਲਾਗ ਵਾਲੀ ਔਰਤ ਤੋਂ ਲਾਗ ਆਪਣੇ ਬੇਬੀ ਨੂੰ ਵੀ ਲੱਗ ਸਕਦੀ ਹੈ। ਬੇਬੀ ਨੂੰ ਐੱਚਆਈਵੀ (HIV) ਗਰਭ ਦੌਰਾਨ, ਜਨਮ ਸਮੇਂ, ਜਾਂ ਦੁੱਧ ਚੁੰਘਾਉਣ ਰਾਹੀਂ ਵੀ ਲੱਗ ਸਕਦੀ ਹੈ। ਕਈ ਔਰਤਾਂ ਨੂੰ ਜਦੋਂ ਤੀਕ ਉਹ ਗਰਭਵਤੀ ਨਹੀਂ ਹੁੰਦੀਆਂ ਜਾਂ ਜਦੋਂ ਤੀਕ ਉਨ੍ਹਾਂ ਦਾ ਟੈਸਟ ਨਹੀਂ ਹੁੰਦਾ, ਉਨ੍ਹਾਂ ਨੂੰ ਪਤਾ ਨਹੀਂ ਲੱਗਦਾ ਕਿ ਉਨ੍ਹਾਂ ਨੂੰ ਐੱਚਆਈਵੀ (HIV) ਹੈ।
ਜੇ ਤੁਸੀਂ ਐੱਚਆਈਵੀ (HIV) ਪਾਜ਼ੇਟਿਵ ਹੋਵੋ ਅਤੇ ਗਰਭਵਤੀ ਹੋਵੋ ਜਾਂ ਬੇਬੀ ਪੈਦਾ ਕਰਨ ਦੀ ਯੋਜਨਾ ਬਣਾਈ ਹੋਵੇ ਤਾਂ ਇਹ ਪੰਨਾ ਵਿਆਖਿਆ ਕਰਦਾ ਹੈ ਕਿ ਤੁਹਾਡੇ ਬੇਬੀ ਨੂੰ ਐੱਚਆਈਵੀ (HIV) ਲੱਗਣ ਦਾ ਖ਼ਤਰਾ ਕਿਵੇਂ ਘਟਾਇਆ ਜਾ ਸਕਦਾ ਹੈ।
ਜੇ ਤੁਸੀਂ ਜਨਮ ਤੋਂ ਪਹਿਲਾਂ, ਦੌਰਾਨ ਅਤੇ ਜਨਮ ਪਿੱਛੋਂ ਚੰਗੀ ਤਰ੍ਹਾਂ ਸੰਭਾਲ ਕੀਤੀ ਹੋਵੇ ਤਾਂ ਤੁਹਾਡੇ ਬੇਬੀ ਨੂੰ ਐੱਚਆਈਵੀ (HIV) ਲੱਗਣ ਦੀ ਘੱਟ ਸੰਭਾਵਨਾ ਹੋਵੇਗੀ
ਜੇ ਤੁਸੀਂ ਐੱਚਆਈਵੀ (HIV) ਪਾਜ਼ੇਟਿਵ ਹੋ ਤਾਂ ਤੁਹਾਨੂੰ ਐੱਚਆਈਵੀ (HIV) ਦੇ ਮਾਹਰ ਨੂੰ ਮਿਲਣਾ ਚਾਹੀਦਾ ਹੈ। ਇਹ ਖ਼ਾਸ ਤੌਰ ਤੇ ਜ਼ਰੂਰੀ ਹੈ ਜੇ ਕਰ ਤੁਸੀਂ ਗਰਭਵਤੀ ਹੋਵੋ ਜਾਂ ਬੇਬੀ ਪੈਦਾ ਕਰਨ ਦੀ ਯੋਜਨਾ ਬਣਾ ਰਹੇ ਹੋਵੋ। ਤੁਹਾਡਾ ਐੱਚਆਈਵੀ ਦਾ ਮਾਹਰ ਹੇਠ ਦਰਜ ਕੰਮ ਕਰੇਗਾ:
- ਤੁਹਾਡੇ ਲਈ ਸਭ ਤੋਂ ਵਧ ਸੁਰੱਖਿਅਤ ਅਤੇ ਡਰੱਗਜ਼ ਦੇ ਸਭ ਤੋਂ ਉੱਤਮ ਸੁਮੇਲ ਨੂੰ ਲੈਣ ਦੀ ਸਿਫ਼ਾਰਸ਼ ਕਰਦਾ ਹੈ
- ਇਹ ਯਕੀਨੀ ਬਣਾਉਣ ਲਈ ਕਿ ਦਵਾਈਆਂ ਕਾਰਗਰ ਹੋ ਰਹੀਆਂ ਹਨ ਉਹ ਗਰਭ ਅਵਸਥਾ ਦੌਰਾਨ ਤੁਹਾਡੇ ਖ਼ੂਨ ਵਿੱਚ ਵਾਇਰਸ ਦੀ ਮਾਤਰਾ (ਵਾਇਰਲ ਲੋਡ੍ਹ) ਉੱਤੇ ਨਿਗਰਾਨੀ ਰੱਖੇਦਾ ਹੈ
ਗਰਭ ਦੌਰਾਨ ਤੁਹਾਨੂੰ ਕਿਸੇ ਆਬਸਟੈਟ੍ਰੀਸ਼ਨ (ਜਣੇਪੇ ਦੇ ਮਾਹਰ) ਨੂੰ ਮਿਲਣਾ ਚਾਹੀਦਾ ਹੈ। ਆਬਸਟੈਟ੍ਰੀਸ਼ਨ ਦਵਾਈਆਂ ਦਾ ਇੱਕ ਡਾਕਟਰ ਹੁੰਦਾ ਹੈ ਜਿਸ ਨੇ ਗਰਭ ਅਵਸਥਾ ਦੌਰਾਨ ਔਰਤਾਂ,ਪ੍ਰਸੂਤ ਪੀੜਾਂ,ਅਤੇ ਬੱਚਾ ਜਣੇਪੇ ਅਤੇ ਬੱਚੇ ਦੀ ਪੈਦਾਇਸ਼ ਦੇ ਪਹਿਲੇ ਕੁਝ ਹਫ਼ਤੇ ਸੰਭਾਲ ਕਰਨ ਦੀ ਵਿਸੇਸ਼ ਸਿਖਲਾਈ ਪ੍ਰਾਪਤ ਕੀਤੀ ਹੁੰਦੀ ਹੈ।
ਤੁਹਾਡਾ ਫ਼ੈਮਿਲੀ ਡਾਕਟਰ ਜਾਂ ਉਸ ਕਲਿਨਿਕ, ਜਿਥੇ ਤੁਹਾਡੀ ਤਸ਼ਖ਼ੀਸ ਹੋਈ ਹੋਵੇ, ਵਿੱਚ ਤੁਹਾਨੂੰ ਐੱਚਆਈਵੀ (HIV) ਦੇ ਮਾਹਰ ਜਾਂ ਆਬਸਟੈਟ੍ਰੀਸ਼ਨ ਕੋਲ ਭੇਜ ਸਕਦਾ ਹੈ।
ਐੱਚਆਈ ਵੀ ( HIV) ਲਈ ਦਵਾਈ
ਐੱਚਆਈਵੀ (HIV) ਦਾ ਕੋਈ ਇਲਾਜ ਨਹੀਂ ਹੁੰਦਾ, ਪਰ ਕਈ ਅਜਿਹੀਆਂ ਦਵਾਈਆਂ ਹਨ ਜੋ ਤੁਹਾਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰ ਸਕਦੀਆਂ ਹਨ। ਦਵਾਈ ਤੁਹਾਡੇ ਵਾਇਰਲ ਲੋਡ੍ਹ ਉੱਤੇ ਕਾਬੂ ਪਾਉਣ ਵਿੱਚ ਮਦਦ ਕਰਦੀ ਹੈ। ਆਪਣਾ ਵਾਇਰਲ ਲੋਡ੍ਹ ਘੱਟ ਰੱਖਣ ਨਾਲ ਤੁਹਾਡੇ ਬੇਬੀ ਨੂੰ ਐੱਚਆਈਵੀ (HIV) ਲੱਗਣ ਤੋਂ ਸੁਰੱਖਿਅਤ ਰੱਖਣ ਵਿੱਚ ਮਦਦ ਮਿਲਦੀ ਹੈ।
ਜੇ ਗਰਭਵਤੀ ਹੋਣ ਤੋਂ ਪਹਿਲਾਂ ਤੁਸੀਂ ਐੱਚਆਈਵੀ (HIV) ਦੀ ਦਵਾਈ ਲੈਂਦੇ ਹੋਵੋਂ ਤਾਂ ਕੀ ਕਰਨਾ ਚਾਹੀਦਾ ਹੈ
ਤੁਹਾਨੂੰ ਤੰਦਰੁਸਤ ਰੱਖਣਾ ਤੁਹਾਡੇ ਬੇਬੀ ਦੀ ਸਿਹਤ ਲਈ ਬਹੁਤ ਜ਼ਰੂਰੀ ਹੁੰਦਾ ਹੈ, ਪਰ ਕੁਝ ਦਵਾਈਆਂ ਗਰਭ ਦੌਰਾਨ ਸੁਰੱਖਿਅਤ ਨਹੀਂ ਹੁੰਦੀਆਂ। ਜੇ ਤੁਸੀਂ ਪਹਿਲਾਂ ਹੀ ਐੱਚਆਈਵੀ (HIV) ਲਈ ਦਵਾਈ ਲੈ ਰਹੇ ਹੋਵੋਂ ਅਤੇ ਤੁਸੀਂ ਗਰਭਵਤੀ ਬਣਨਾ ਚਾਹੁੰਦੇ ਹੋਵੋ, ਜਾਂ ਪਤਾ ਕਰਨਾ ਚਾਹੁੰਦੇ ਹੋਵੋਂ ਕਿ ਕੀ ਤੁਸੀਂ ਗਰਭਵਤੀ ਹੋ, ਤਾਂ ਆਪਣੇ ਐੱਚਆਈਵੀ (HIV) ਦੇ ਮਾਹਰ ਨੂੰ ਦੱਸ ਦਿਓ। ਉਹ ਤੁਹਾਡੇ ਲਈ ਸਭ ਤੋਂ ਉੱਤਮ ਦਵਾਈ ਦੀ ਸਿਫ਼ਾਰਸ਼ ਕਰਨ ਵਿੱਚ ਮਦਦ ਕਰ ਸਕਦਾ/ਸਕਦੀ ਹੈ।
ਦਵਾਈ ਤੁਹਾਡੇ ਬੇਬੀ ਨੂੰ ਐੱਚਆਈਵੀ ਲੱਗਣ ਦੇ ਖ਼ਤਰੇ ਨੂੰ ਘਟਾ ਦਿੰਦੀ ਹੈ
ਐੱਚਆਈਵੀ (HIV) ਦੀ ਦਵਾਈ ਲੈਣ ਨਾਲ ਤੁਹਾਡੇ ਤੋਂ ਵਾਇਰਸ ਤੁਹਾਡੇ ਬੇਬੀ ਨੂੰ ਲੱਗਣ ਦਾ ਖ਼ਤਰਾ ਘਟ ਜਾਂਦਾ ਹੈ। ਅਧਿਐਨ ਦੱਸਦੇ ਹਨ ਕਿ ਜੇ ਕੋਈ ਔਰਤ ਆਪਣੀ ਗਰਭਵਤੀ ਅਵਸਥਾ ਦੌਰਨ ਦਵਾਈਆਂ ਲੈਂਦੀ ਹੋਵੇ, ਅਤੇ ਜਣੇਪੇ ਸਮੇਂ ਤੱਕ ਉਸ ਦਾ ਵਾਇਰਲ ਲੋਡ੍ਹ ਘੱਟ ਹੋਵੇ ਤਾਂ ਇਸ ਨਾਲ ਬੇਬੀ ਨੂੰ ਐੱਚਆਈਵੀ (HIV) ਲੱਗਣ ਦਾ ਖ਼ਤਰਾ ਬਹੁਤ ਘੱਟ ਹੋ ਜਾਂਦਾ ਹੈ। ਤੁਹਾਡਾ ਐੱਚਆਈਵੀ (HIV) ਦਾ ਮਾਹਰ ਅਤੇ ਆਬਸਟੈਟ੍ਰੀਸ਼ਨ (ਜਣੇਪੇ ਦੇ ਮਾਹਰ) ਗਰਭ ਅਵਸਥਾ ਦੌਰਾਨ ਤੁਹਾਡੇ ਵਾਇਰਲ ਲੋਡ੍ਹ `ਤੇ ਨਿਗਾਹ ਰੱਖੇਗਾ। ਇਸ ਨਾਲ ਇਹ ਯਕੀਨੀ ਹੋ ਜਾਵੇਗਾ ਕਿ ਤੁਹਾਡੀਆਂ ਦਵਾਈਆਂ ਕੰਮ ਕਰ ਰਹੀਆਂ ਹਨ ਅਤੇ ਤੁਹਾਡੇ ਬੇਬੀ ਨੂੰ ਲਾਗ ਨਹੀਂ ਲੱਗੇਗੀ।
ਐੱਚਆਈਵੀ (HIV) ਲਈ ਦਵਾਈ ਕਦੋਂ ਅਤੇ ਕਿੰਨੀ ਦੇਰ ਤੀਕ ਲੈਣੀ ਹੁੰਦੀ ਹੈ ਇਹ ਤੁਹਾਡੀ ਸਥਿਤੀ `ਤੇ ਨਿਰਭਰ ਕਰਦਾ ਹੈ।
ਤੁਹਾਡਾ ਐੱਚਆਈਵੀ (HIV) ਦਾ ਮਾਹਰ ਤੁਹਾਡੇ ਨਾਲ ਐੱਚਆਈਵੀ ਦੀ ਦਵਾਈ ਲੈਣ ਦੇ ਸਮਿਆਂ ਬਾਰੇ ਗੱਲਬਾਤ ਕਰੇਗਾ।
- ਜੇ ਤੁਹਾਨੂੰ ਆਪਣੀ ਸਿਹਤ ਲਈ ਦਵਾਈ ਲੈਣ ਦੀ ਲੋੜ ਹੈ, ਤਾਂ ਤੁਹਾਨੂੰ ਇਹ ਦਵਾਈ ਆਪਣੇ ਬੇਬੀ ਦੇ ਪੈਦਾ ਹੋਣ ਪਿੱਛੋਂ ਵੀ ਲੈਣੀ ਜਾਰੀ ਰੱਖੋਂਗੇ।
- ਦੂਸਰੀਆਂ ਔਰਤਾਂ ਨੂੰ ਉਨ੍ਹਾਂ ਦੀ ਐੱਚਆਈਵੀ ਲਾਗ ਦੀ ਅਵਸਥਾ `ਤੇ ਹਾਲੀ ਦਵਾਈ ਲੈਣ ਦੀ ਜ਼ਰੂਰਤ ਨਹੀਂ ਹੋ ਸਕਦੀ। ਜੇ ਤੁਹਾਨੂੰ ਆਪਣੀ ਸਿਹਤ ਲਈ ਐੱਚਆਈਵੀ ਦੀ ਦਵਾਈ ਲੈਣ ਦੀ ਲੋੜ ਨਹੀਂ ਹੈ, ਤਾਂ ਗਰਭ ਦੇ ਤੀਜੇ ਮਹੀਨੇ ਪਿੱਛੋਂ ਤੁਹਾਨੂੰ ਦਵਾਈਆਂ ਲੈਣੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਹਨ। ਦਵਾਈ ਨੂੰ ਕੇਵਲ ਉਦੋਂ ਤੀਕ ਲਵੋ ਜਦੋਂ ਤੀਕ ਬੇਬੀ ਪੈਦਾ ਨਹੀਂ ਹੋ ਜਾਂਦਾ। ਆਪਣੇ ਐੱਚਆਈਵੀ ਦੇ ਮਾਹਰ ਨਾਲ ਗੱਲ ਕਰੋ ਕਿ ਦਵਾਈ ਲੈਣੀ ਕਦੋਂ ਬੰਦ ਕਰਨੀ ਹੈ।
ਐੱਚਆਈਵੀ (HIV) ਦੀਆਂ ਕਈ ਦਵਾਈਆਂ ਗਰਭ ਅਵਸਥਾ ਵਿੱਚ ਸੁਰੱਖਿਅਤ ਹੁੰਦੀਆਂ ਹਨ।
ਐੱਚਆਈਵੀ ਦੀਆਂ ਕੁਝ ਦਵਾਈਆਂ ਗਰਭ ਅਵਸਥਾ ਵਿੱਚ ਸਭ ਤੋਂ ਵੱਧ ਸੁਰੱਖਿਅਤ ਹੁੰਦੀਆਂ ਹਨ। ਇਨ੍ਹਾਂ ਵਿੱਚ ਸ਼ਾਮਲ ਦਵਾਈਆਂ ਹਨ ਜਿਵੇਂ ਕਿ ਜ਼ੀਡੋਵੂਡੀਨ ( AZT), ਲੈਮੀਵੂਡੀਨ (3TC) ਲਵੀਨੋਪਿਰ/ਰਿਟੋਨੋਵਿਰ (Laletra)। ਪਹਿਲਾਂ ਦੂਜੀਆਂ ਦਵਾਈਆਂ ਵੀ ਵਰਤੀਆਂ ਜਾਂਦੀਆਂ ਰਹੀਆਂ ਹਨ ਅਤੇ ਨਵੀਆਂ ਦਵਾਈਆਂ ਹੁਣ ਅਕਸਰ ਵਰਤੀਆਂ ਜਾ ਰਹੀਆਂ ਹਨ। ਕਈ ਦਵਾਈਆਂ ਗਰਭ ਅਵਸਥਾ ਦੌਰਾਨ ਯਕੀਨੀ ਤੌਰ ਤੇ ਸੁਰੱਖਿਅਤ ਨਹੀਂ ਹੁੰਦੀਆਂ। ਤੁਹਾਡਾ ਐੱਚਆਈਵੀ ਦਾ ਮਾਹਰ ਤੁਹਾਡੇ ਲਈ ਸਭ ਤੋਂ ਸੁਰੱਖਿਅਤ ਅਤੇ ਸਭ ਤੋਂ ਚੰਗੇ ਡਰੱਗਜ਼ ਦੀ ਸਿਫ਼ਾਰਸ਼ ਕਰਨ ਵਿੱਚ ਮਦਦ ਕਰ ਸਕਦਾ ਹੈ।
ਸਾਧਾਰਨ ਜਣੇਪਾ ਬਨਾਮ ਸੀਜ਼ੈਰੀਅਨ ਸੈਕਸ਼ਨ (C-section)
ਬੱਚੇ ਦੇ ਜਣੇਪੇ ਸਮੇਂ ਜੇ ਤੁਹਾਡਾ ਵਾਇਰਲ ਲੋਡ੍ਹ 1000 ਤੋਂ ਜ਼ਿਆਦਾ ਹੋਵੇ, ਤਾਂ ਸੀ-ਸੈਕਸ਼ਨ (ਪੇਟ ਚੀਰ ਕੇ ਬੱਚਾ ਕੱਢਣ ਦਾ ਅਮਲ) ਤੁਹਾਡੇ ਬੇਬੀ ਨੂੰ ਐੱਚਆਈਵੀ ਲੱਗਣ ਦਾ ਖ਼ਤਰਾ ਘਟਾਉਂਦਾ ਹੈ। ਹੇਠ ਦਰਜ ਕਾਰਨਾਂ ਨਾਲ ਵਾਇਰਲ ਲੋਡ੍ਹ ਵੱਧ ਸਕਦਾ ਹੈ:
- ਜੇ ਦਵਾਈਆਂ ਵਾਇਰਸ ਨੂੰ ਪੂਰਨ ਤੌਰ ਤੇ ਨਹੀਂ ਦਬਾਉਂਦੀਆਂ
- ਜੇ ਤੁਸੀਂ ਗਰਭ ਅਵਸਥਾ ਦੇ ਆਖ਼ਰੀ ਸਮੇਂ `ਤੇ ਦਵਾਈ ਲੈਣੀ ਸ਼ੁਰੂ ਕੀਤੀ ਹੋਵੇ
- ਜੇ ਤੁਸੀਂ ਦਵਾਈ ਬਾਕਾਇਦਗੀ ਨਾਲ ਨਹੀਂ ਲੈ ਰਹੇ
ਬੱਚੇ ਦੇ ਜਣੇਪੇ ਸਮੇਂ ਜੇ ਵਾਇਰਲ ਲੋਡ੍ਹ 1000 ਤੋਂ ਘੱਟ ਹੋਵੇ ਸੀ-ਸੈਕਸ਼ਨ (ਪੇਟ ਚੀਰ ਕੇ ਬੱਚਾ ਕੱਢਣ ਦਾ ਅਮਲ) ਬਹੁਤਾ ਸੁਰੱਖਿਅਤ ਨਹੀਂ ਹੁੰਦਾ। ਸਾਧਾਰਨ (ਯੋਨੀ ਰਾਹੀਂ) ਜਣੇਪੇ ਦੇ ਮੁਕਾਬਲੇ `ਤੇ ਸੀ-ਸੈਕਸ਼ਨ ਵੀ ਘੱਟ ਸੁਰੱਖਿਅਤ ਹੁੰਦਾ ਹੈ। ਇਸ ਕਾਰਨ, ਜਦੋਂ ਤੁਸੀਂ ਪ੍ਰਸੂਤ ਪੀੜਾਂ ਦੇ ਪੜਾਅ 'ਤੇ ਹੁੰਦੇ ਹੋ ਅਤੇ ਤੁਹਾਡਾ ਵਾਇਰਲ ਲੋਡ੍ਹ ਘੱਟ ਹੋਵੇ ਤਾਂ ਤੁਸੀਂ ਸਾਧਾਰਨ ਜਣੇਪੇ ਦੁਆਰਾ ਬੱਚਾ ਪੈਦਾ ਕਰਨ ਦੇ ਕਾਬਲ ਹੋਣੇ ਚਾਹੀਦੇ ਹੋ।
ਤੁਹਾਡੇ ਲਈ ਜਣੇਪੇ ਦੀ ਸਭ ਤੋਂ ਵਧੀਆ ਕਿਸਮ ਕਿਹੜੀ ਹੋ ਸਕਦੀ ਹੈ ਬਾਰੇ ਆਪਣੇ ਐੱਚਆਈਵੀ ਦੇ ਮਾਹਰ ਜਾਂ ਆਬਸਟੈਟ੍ਰੀਸ਼ਨ (ਜਣੇਪੇ ਦੇ ਮਾਹਰ) ਨਾਲ ਗੱਲ ਕਰੋ।
ਜਦੋਂ ਤੁਹਾਨੂੰ ਪ੍ਰਸੂਤ ਪੀੜਾਂ ਸ਼ੁਰੂ ਹੋ ਜਾਣ ਤਾਂ ਕੀ ਕਰਨਾ ਚਾਹੀਦਾ ਹੈ
ਭਾਵੇਂ ਜਦੋਂ ਤੁਹਾਨੂੰ ਪ੍ਰਸੂਤ ਪੀੜਾਂ ਸ਼਼ੁਰੂ ਹੋ ਜਾਂਦੀਆਂ ਹਨ, ਆਪਣੀਆਂ ਦਵਾਈਆਂ ਲੈਂਦੇ ਰਹੋ। ਜਦੋਂ ਤੁਹਾਨੂੰ ਲੱਗੇ ਕਿ ਪ੍ਰਸੂਤ ਪੀੜਾਂ ਸ਼ੁਰੂ ਹੋ ਗਈਆਂ ਹਨ ਤਾਂ ਛੇਤੀ ਹੀ ਹਸਪਤਾਲ ਪਹੁੰਚੋ। ਨਾੜੀ (IV) ਰਾਹੀਂ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਦੀਆਂ ਕਿਸਮਾਂ ਵਿੱਚ ਇੱਕ ਏ ਜ਼ੈੱਡ ਟੀ (AZT) ਤੁਹਾਨੂੰ ਦਿੱਤੀ ਜਾਣੀ ਚਾਹੀਦੀ ਹੈ। ਆਈ ਵੀ (IV) ਤੋਂ ਭਾਵ ਹੈ ਨਾੜੀ ਰਾਹੀਂ ਦਵਾਈ ਦੇਣੀ। ਸਭ ਤੋਂ ਚੰਗੀ ਗੱਲ ਇਹ ਹੈ ਕਿ ਬੇਬੀ ਦੇ ਬਾਹਰ ਆਉਣ ਤੋਂ ਘੱਟ ਤੋਂ 2 ਤੋਂ 4 ਘੰਟੇ ਪਹਿਲਾਂ ਇਹ ਦਿੱਤੀ ਜਾਵੇ।
ਜਦੋਂ ਤੁਹਾਡਾ ਬੇਬੀ ਪੈਦਾ ਹੋ ਜਾਂਦਾ ਹੈ ਤਾਂ ਕੀ ਉਮੀਦ ਕਰਨੀ ਚਾਹੀਦੀ ਹੈ
ਜਦੋਂ ਬੇਬੀ ਪੈਦਾ ਹੋ ਜਾਂਦਾ ਹੈ, ਤਾਂ ਉਸ ਨੂੰ ਜੀਵਨ ਦੇ ਪਹਿਲੇ 24 ਘੰਟਿਆਂ ਦੇ ਅੰਦਰ ਅੰਦਰ ਏ ਜ਼ੈੱਡ ਟੀ (AZT) ਦੇਣੀ ਸ਼ੁਰੂ ਕਰ ਦਿੱਤੀ ਜਾਵੇਗੀ। ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਬੇਬੀ ਨੂੰ ਉਸ ਦੇ ਜੀਵਨ ਦੇ ਪਹਿਲੇ 6 ਹਫ਼ਤੇ ਦਿਨ ਵਿੱਚ 4 ਵਾਰੀ ਦਵਾਈ ਦਿਓ। ਇਸ ਨਾਲ ਬੇਬੀ ਨੂੰ ਐੱਚਆਈਵੀ ਦੀ ਲਾਗ ਲੱਗਣ ਦਾ ਖ਼ਤਰਾ ਹੋਰ ਵੀ ਘਟ ਜਾਂਦਾ ਹੈ।
ਐੱਚਆਈਵੀ ਦਾ ਪਤਾ ਕਰਨ ਲਈ ਤੁਹਾਡੇ ਬੇਬੀ ਦੇ ਖ਼ੂਨ ਦਾ ਟੈਸਟ ਕਰਨ ਦੀ ਲੋੜ ਵੀ ਪਵੇਗੀ।
ਬੇਬੀ ਨੂੰ ਛਾਤੀ ਦਾ ਦੁੱਧ ਨਾ ਚੁੰਘਾਓ। ਛਾਤੀ ਦਾ ਦੁੱਧ ਚੁੰਘਾਉਣਾ ਇੱਕ ਅਜਿਹਾ ਰਸਤਾ ਹੁੰਦਾ ਹੈ ਜਿਸ ਰਾਹੀਂ ਐੱਚਆਈਵੀ ਮਾਂ ਤੋਂ ਬੱਚੇ ਨੂੰ ਲੱਗਦੀ ਹੈ। ਤੁਹਾਡੇ ਬੇਬੀ ਲਈ ਸਭ ਤੋਂ ਸੁਰੱਖਿਅਤ ਖ਼ੁਰਾਕ ਫਾਰਮੂਲਾ ਹੁੰਦਾ ਹੈ।
ਵਧੇਰੇ ਜਾਣਕਾਰੀ ਲਈ ਪੜ੍ਹੋ "ਐੱਚਆਈਵੀ (HIV) ਅਤੇ ਤੁਹਾਡਾ ਬੇਬੀ"
ਵਧੇਰੇ ਜਾਣਕਾਰੀ ਲਈ
ਜੇ ਤੁਹਾਡੇ ਕੋਈ ਪ੍ਰਸ਼ਨ ਜਾਂ ਸਰੋਕਾਰ ਹੋਣ, ਆਪਣੇ ਡਾਕਟਰ ਜਾਂ ਐੱਚਆਈਵੀ ਦੇ ਕਲਿਨਿਕ ਨਾਲ ਸੰਪਰਕ ਕਰੋ। ਵਧੇਰੇ ਜਾਣਕਾਰੀ ਲਈ, ਕਿਰਪਾ ਕਰ ਕੇ ਹੇਠ ਦਰਜ ਨੂੰ ਵੇਖੋ:
ਮਦਰਸਿੱਕ (Motherisk)
www.motherisk.org (ਸਿਰਫ਼ ਅੰਗਰੇਜੀ ਵਿੱਚ ਹੀ ਉਪਲਬਧ ਹੈ)
ਕੇਟੀ: ਕਮਿਊਨਿਟੀ ਏਡਜ਼ ਟਰੀਟਮੈਂਟ ਇਨਫ਼ਰਮੇਸ਼ਨ ਐਕਸਚੇਂਜ (CATIE: Community AIDS Treatment Information Exchange)
www.catie.ca (ਸਿਰਫ਼ ਅੰਗਰੇਜੀ ਵਿੱਚ ਹੀ ਉਪਲਬਧ ਹੈ)
ਮੁੱਖ ਨੁਕਤੇ
- ਗਰਭਵਤੀ ਔਰਤਾਂ, ਜਿਨ੍ਹਾਂ ਨੂੰ ਐੱਚਆਈਵੀ ਦੀ ਲਾਗ ਲੱਗੀ ਹੋਈ ਹੋਵੇ, ਉਨ੍ਹਾਂ ਵੱਲੋਂ ਆਪਣਿਆਂ ਬੇਬੀਆਂ ਨੂੰ ਐੱਚਆਈਵੀ ਅੱਗੇ ਦੇਣ ਦੇ ਖ਼ਤਰੇ ਨੂੰ ਘਟਾਉਣ ਲਈ ਦਵਾਈਆਂ ਲੈਣੀਆਂ ਚਾਹੀਦੀਆਂ ਹਨ।
- ਜੇ ਤੁਸੀਂ ਦਵਾਈਆਂ ਲੈਂਦੇ ਹੋ ਅਤੇ ਜਣੇਪੇ ਸਮੇਂ ਤੁਹਾਡਾ ਵਾਇਰਲ ਲੋਡ੍ਹ ਥੋੜ੍ਹਾ ਹੈ, ਤਾਂ ਬੇਬੀ ਨੂੰ ਐੱਚਆਈਵੀ ਲੱਗਣ ਦਾ ਖ਼ਤਰਾ ਬਹੁਤ ਘੱਟ ਹੋ ਜਾਂਦਾ ਹੈ।
- ਜੇ ਬੱਚੇ ਦੇ ਜਣੇਪੇ ਸਮੇਂ ਤੁਹਾਡਾ ਵਾਇਰਲ ਲੋਡ੍ਹ 1000 ਤੋਂ ਵੱਧ ਹੈ, ਸੀ-ਸੈਕਸ਼ਨ (ਪੇਟ ਚੀਰ ਕੇ ਬੱਚਾ ਕੱਢਣ ਦਾ ਅਮਲ) ਨਾਲ ਤੁਹਾਡੇ ਬੇਬੀ ਨੂੰ ਐੱਚਆਈਵੀ ਲੱਗਣ ਦਾ ਖ਼ਤਰਾ ਬਹੁਤ ਘਟ ਜਾਂਦਾ ਹੈ।
- ਜੇ ਬੱਚੇ ਦੇ ਜਣੇਪੇ ਸਮੇਂ ਤੁਹਾਡਾ ਵਾਇਰਲ ਲੋਡ੍ਹ 1000 ਤੋਂ ਘੱਟ ਹੈ ਤਾਂ ਸੀ-ਸੈਕਸ਼ਨ ਨਾਲ ਤੁਹਾਡੇ ਬੇਬੀ ਨੂੰ ਅਧਿਕ ਲਾਭ ਨਹੀਂ ਪਹੁੰਚਦਾ। ਤੁਸੀਂ ਸਾਧਾਰਨ (ਯੋਨੀ ਰਾਹੀਂ) ਬੱਚਾ ਪੈਦਾ ਕਰਨ ਦੇ ਯੋਗ ਹੋਣੇ ਚਾਹੀਦੇ ਹੋ।